For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਸ਼ਾਹ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

07:41 AM Feb 15, 2024 IST
ਮੋਦੀ ਤੇ ਸ਼ਾਹ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਜੰਮੂ ਦੇ ਲੇਥਪੋਰਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ/ਸ੍ਰੀਨਗਰ, 14 ਫਰਵਰੀ
ਪੁਲਵਾਮਾ ਵਿੱਚ 2019 ਵਿੱਚ ਅੱਜ ਦੇ ਦਿਨ ਹੋਏ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ‘ਐੱਕਸ’ ’ਤੇ ਕਿਹਾ, ‘‘ਮੈਂ 2019 ਵਿੱਚ ਪੁਲਵਾਮਾ ’ਚ ਸ਼ਹੀਦ ਹੋਏ ਬਹਾਦਰ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਡੇ ਦੇਸ਼ ਲਈ ਉਨ੍ਹਾਂ ਵੱਲੋਂ ਕੀਤੀ ਗਈ ਇਸ ਸੇਵਾ ਤੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’
ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਅਤਿਵਾਦੀਆਂ ਨੇ ਸੀਆਰਪੀਐਫ ਦੇ ਕਾਫਲੇ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਲੈਸ ਇਕ ਵਾਹਨ ਲਿਆ ਮਾਰਿਆ ਸੀ। ਇਸ ਦੌਰਾਨ ਹੋਏ ਧਮਾਕੇ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਜਵਾਬ ਵਜੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਸ਼ੱਕੀ ਅਤਿਵਾਦੀ ਕੈਂਪਾਂ ’ਤੇ ਬੰਬਾਰੀ ਕੀਤੀ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜ ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਇਕ ਅਤਿਵਾਦੀ ਹਮਲੇ ’ਚ ਆਪਣੀਆਂ ਜਾਨਾਂ ਗੁਆਉਣ ਵਾਲੇ ਸੀਆਰਪੀਐੱਫ ਦੇ 40 ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਮੈਂ ਪੁਲਵਾਮਾ ਦੇ ਬਹਾਦਰ ਸ਼ਹੀਦਾਂ ਨੂੰ ਸਿਜਦਾ ਕਰਦਾ ਹਾਂ, ਜਿਨ੍ਹਾਂ ਆਪਣੀ ਮਾਤ ਭੂਮੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦਾ ਇਹ ਸਰਬਉੱਚ ਬਲੀਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੇਸ਼ ਸਾਡੇ ਇਨ੍ਹਾਂ ਬਹਾਦਰ ਜਵਾਨਾਂ ਦਾ ਹਮੇਸ਼ਾ ਕਰਜ਼ਈ ਰਹੇਗਾ।’’
ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਅੱਜ ਪੁਲਵਾਮਾ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਦੀ ਪੰਜਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘‘ਪੁਲਵਾਮਾ ਹਮਲੇ ’ਚ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰਾਂ ਨੂੰ ਨਿੱਘੀ ਸ਼ਰਧਾਂਜਲੀ। ਦੇਸ਼ ਉਨ੍ਹਾਂ ਦੇ ਮਿਸਾਲੀ ਹੌਸਲੇ, ਸਰਵਉੱਚ ਕੁਰਬਾਨੀ ਤੇ ਮਾਤਭੂਮੀ ਲਈ ਨਿਰਸਵਾਰਥ ਸੇਵਾ ਨੂੰ ਹਮੇਸ਼ਾ ਯਾਦ ਰੱਖੇਗਾ।’’ ਉੱਧਰ, ਜੰਮੂ ਕਸ਼ਮੀਰ ਦੇ ਡੀਜੀਪੀ ਆਰ.ਆਰ. ਸਵੈਨ ਤੇ ਕਸ਼ਮੀਰ ਜ਼ੋਨ ਦੇ ਆਈਜੀ ਵੀ.ਕੇ. ਬਿਰਦੀ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਸੀਆਰਪੀਐੱਫ ਵੱਲੋਂ ਸ਼ਹੀਦਾਂ ਦੀ ਯਾਦਗਾਰ ਵਿਖੇ ਇਕ ਸਮਾਗਮ ਵੀ ਕਰਵਾਇਆ ਗਿਆ ਪਰ ਮੀਡੀਆ ਨੂੰ ਇਸ ਸਮਾਗਮ ’ਚ ਨਹੀਂ ਸੱਦਿਆ ਗਿਆ ਸੀ। ਅੱਜ ਸੀਆਰਪੀਐੱਫ, ਸਿਆਸੀ ਤੇ ਸਮਾਜਿਕ ਸੰਗਠਨਾਂ ਤੋਂ ਇਲਾਵਾ ਹੋਰ ਗਰੁੱਪਾਂ ਵੱਲੋਂ ਪੁਲਵਾਮਾ ਹਮਲੇ ਦੀ ਪੰਜਵੀਂ ਬਰਸੀ ਮੌਕੇ ਜੰਮੂੁ ਵਿੱਚ ਵੱਖ-ਵੱਖ ਸਮਾਗਮ ਕਰਵਾਏ ਗਏ। ਸਮਾਗਮਾਂ ਮੌਕੇ ਵੱਖ-ਵੱਖ ਅਧਿਕਾਰੀਆਂ, ਸਮਾਜ ਸੇਵੀ ਨੁਮਾਇੰਦਿਆਂ ਤੋਂ ਇਲਾਵਾ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਜਪਾ ਆਗੂਆਂ ਨੇ ਲੇਥਪੋਰਾ ਵਿੱਚ ਸਮਾਗਮ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

Advertisement

ਪੁਲਵਾਮਾ ਦੇ ਸ਼ਹੀਦਾਂ ਨੂੰ ਨਿਆਂ ਕਦੋਂ ਮਿਲੇਗਾ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਬਾਰੇ ਅਣਗਿਣਤ ਸਵਾਲਾਂ ਦੇ ਜਵਾਬ ਹੁਣ ਤੱਕ ਨਹੀਂ ਮਿਲੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਹਮਲੇ ਵਿੱਚ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਨੂੰ ਨਿਆਂ ਕਦੋਂ ਮਿਲੇਗਾ। 2019 ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ ਅੱਜ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਇਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਇੱਥੇ ਕਾਂਗਰਸ ਹੈੱਡਕੁਆਰਟਰ ’ਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰ ਆਪਣੇ ਉਸ ਦੁੱਖ ਤੇ ਦਰਦ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ ਜਿਹੜਾ ਕਿ ਉਨ੍ਹਾਂ ਨੇ ਹਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਮਹਿਸੂਸ ਕੀਤਾ ਸੀ। ਇਨ੍ਹਾਂ ਵਿੱਚੋਂ ਕਈਆਂ ਨੇ ਇਹ ਸਵਾਲ ਕੀਤਾ ਕਿ ਅਜੇ ਤੱਕ ਹਮਲੇ ਦੀ ਜਾਂਚ ਪੂਰੀ ਕਿਉਂ ਨਹੀਂ ਹੋਈ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×