For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ ਦੇ ਵੱਡੇ ਘੁਟਾਲੇ ’ਚ ਮੋਦੀ ਤੇ ਸ਼ਾਹ ਸ਼ਾਮਲ: ਰਾਹੁਲ

06:49 AM Jun 07, 2024 IST
ਸ਼ੇਅਰ ਬਾਜ਼ਾਰ ਦੇ ਵੱਡੇ ਘੁਟਾਲੇ ’ਚ ਮੋਦੀ ਤੇ ਸ਼ਾਹ ਸ਼ਾਮਲ  ਰਾਹੁਲ
Advertisement

ਨਵੀਂ ਦਿੱਲੀ, 6 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੇਅਰ ਬਾਜ਼ਾਰ ਦੇ ਸਭ ਤੋਂ ਵੱਡੇ ਘੁਟਾਲੇ ’ਚ ਸਿੱਧੇ ਤੌਰ ’ਤੇ ਸ਼ਾਮਲ ਹਨ ਜਿਸ ’ਚ ਪਰਚੂਨ ਨਿਵੇਸ਼ਕਾਂ ਦੇ 30 ਲੱਖ ਕਰੋੜ ਰੁਪਏ ਡੁੱਬ ਗਏ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਈ ਜਾਵੇ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਬਾਰੇ ਟਿੱਪਣੀਆਂ ਕੀਤੀਆਂ ਸਨ ਜੋ ਪਹਿਲਾਂ ਕਦੇ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ‘ਫ਼ਰਜ਼ੀ’ ਐਗਜ਼ਿਟ ਪੋਲ ਮਗਰੋਂ ਸ਼ੇਅਰ ਬਾਜ਼ਾਰ ਚੜ੍ਹ ਗਿਆ ਸੀ ਅਤੇ ਫਿਰ ਜਦੋਂ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਈ ਤਾਂ ਇਹ ਮੂਧੇ ਮੂੰਹ ਡਿੱਗ ਗਿਆ। ‘ਭਾਜਪਾ ਦੇ ਸਿਖਰ ’ਤੇ ਬੈਠੇ ਲੋਕਾਂ ਨੇ ਸ਼ੇਅਰ ਬਾਜ਼ਾਰ ’ਚ ਘੁਟਾਲਾ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਸਿੱਧੇ ਤੌਰ ’ਤੇ ਇਸ ’ਚ ਸ਼ਾਮਲ ਸਨ। ਅਸੀਂ ਮੋਦੀ, ਸ਼ਾਹ ਅਤੇ ਐਗਜ਼ਿਟ ਪੋਲ ਕਰਾਉਣ ਵਾਲਿਆਂ ਖ਼ਿਲਾਫ਼ ਜਾਂਚ ਚਾਹੁੰਦੇ ਹਾਂ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਤਿੰਨ ਸਵਾਲ ਵੀ ਦਾਗ਼ੇ ਅਤੇ ਪੁੱਛਿਆ,‘ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੇਅਰ ਬਾਜ਼ਾਰ ’ਚ ਪੰਜ ਕਰੋੜ ਪਰਿਵਾਰਾਂ ਨੂੰ ਨਿਵੇਸ਼ ਕਰਨ ਦੀ ਖਾਸ ਸਲਾਹ ਕਿਉਂ ਦਿੱਤੀ? ਕੀ ਲੋਕਾਂ ਨੂੰ ਨਿਵੇਸ਼ ਦੀ ਸਲਾਹ ਦੇਣਾ ਉਨ੍ਹਾਂ ਦਾ ਕੰਮ ਹੈ ਅਤੇ ਦੋਵੇਂ ਇੰਟਰਵਿਊ ਉਸੇ ਇਕੋ ਮੀਡੀਆ ਅਦਾਰੇ ਨੂੰ ਹੀ ਕਿਉਂ ਦਿੱਤੇ ਗਏ ਜਿਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ਦੀ ਸੇਬੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਅਡਾਨੀ ਮੁੱਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਪਰ ਇਹ ਉਸ ਤੋਂ ਵੀ ਵੱਡਾ ਮਾਮਲਾ ਹੈ। ਰਾਹੁਲ ਮੁਤਾਬਕ ਅਮਿਤ ਸ਼ਾਹ ਨੇ 13 ਮਈ ਨੂੰ ਕਿਹਾ ਸੀ ਕਿ ‘4 ਜੂਨ ਤੋਂ ਪਹਿਲਾਂ ਸ਼ੇਅਰ ਖ਼ਰੀਦੋ’ ਅਤੇ 19 ਮਈ ਨੂੰ ਮੋਦੀ ਨੇ ਆਖਿਆ ਸੀ ‘ਸ਼ੇਅਰ ਬਾਜ਼ਾਰ 4 ਜੂਨ ਨੂੰ ਰਿਕਾਰਡ ਤੋੜਨਗੇ।’ ਜ਼ਿਕਰਯੋਗ ਹੈ ਕਿ ਮੀਡੀਆ ਨੇ ਆਖਰੀ ਗੇੜ ਦੀ ਪੋਲਿੰਗ ਮਗਰੋਂ ਪਹਿਲੀ ਜੂਨ ਨੂੰ ਐਗਜ਼ਿਟ ਪੋਲ ਜਾਰੀ ਕੀਤੇ ਸਨ ਅਤੇ 3 ਜੂਨ ਨੂੰ ਸ਼ੇਅਰ ਬਾਜ਼ਾਰ ਰਿਕਾਰਡ ਬਣਾਉਂਦਿਆਂ ਸਿਖਰ ’ਤੇ ਪਹੁੰਚ ਗਿਆ ਸੀ ਜਦਕਿ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਿਆ ਅਤੇ ਨਿਵੇਸ਼ਕਾਂ ਦੇ 30 ਲੱਖ ਕਰੋੜ ਰੁਪਏ ਡੁੱਬ ਗਏ ਸਨ। -ਪੀਟੀਆਈ

Advertisement

ਰਾਹੁਲ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਲਈ ਆਧਾਰਹੀਣ ਦੋਸ਼ ਲਗਾ ਰਹੇ ਨੇ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਪਿਯੂਸ਼ ਗੋਇਲ ਨੇ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਵਿਰੋਧੀ ਧਿਰ ਦੀ ਹਾਰ ਮਗਰੋਂ ਨਿਰਾਸ਼ ਹੋ ਕੇ ਰਾਹੁਲ ਇਹ ਆਧਾਰਹੀਣ ਦੋਸ਼ ਲਗਾ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਲਈ ਕੰਮ ਕਰ ਰਹੇ ਹਨ। -ਪੀਟੀਆਈ

ਰਾਹੁਲ ਅੱਜ ਬੰਗਲੂਰੂ ਦੀ ਅਦਾਲਤ ’ਚ ਹੋਣਗੇ ਪੇਸ਼

ਬੰਗਲੂਰੂ: ਕਾਂਗਰਸੀ ਆਗੂ ਰਾਹੁਲ ਗਾਂਧੀ ਭਾਜਪਾ ਦੀ ਕਰਨਾਟਕ ਇਕਾਈ ਵੱਲੋਂ ਦਾਇਰ ਮਾਣਹਾਨੀ ਦੇ ਇਕ ਕੇਸ ਵਿੱਚ ਸ਼ੁੱਕਰਵਾਰ ਨੂੰ ਇੱਥੇ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣਗੇ। ਭਾਜਪਾ ਦੀ ਸੂਬਾ ਇਕਾਈ ਨੇ ਕਾਂਗਰਸ ’ਤੇ ਮੁੱਖਧਾਰਾ ਦੇ ਅਖ਼ਬਾਰਾਂ ਵਿੱਚ ਝੂਠੇ ਇਸ਼ਤਿਹਾਰ ਜਾਰੀ ਕਰਨ ਦਾ ਦੋਸ਼ ਲਾਇਆ ਸੀ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਸੂਬੇ ਦੀ ਤਤਕਾਲੀ ਭਾਜਪਾ ਸਰਕਾਰ ’ਤੇ 2019-2023 ਦੇ ਕਾਰਜਕਾਲ ਦੌਰਾਨ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਕਾਂਗਰਸ ਦੀ ਸੂਬਾ ਇਕਾਈ ਨੇ ਅੱਜ ਕਿਹਾ, ’’ਕਾਂਗਰਸੀ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਸ਼ਹਿਰ ਦੀ ਦੀਵਾਨੀ ਅਦਾਲਤ ਵਿੱਚ ਪੇਸ਼ ਹੋਣਗੇ। ਉਪਰੰਤ ਉਹ 11.30 ਵਜੇ ਕੁਈਨਜ਼ ਰੋਡ ਸਥਿਤ ਭਾਰਤ ਜੋੜੋ ਭਵਨ ਵਿੱਚ ਸੂਬੇ ਤੋਂ ਕਾਂਗਰਸ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਚਰਚਾ ਕਰਨਗੇ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×