ਸੀਓਪੀ ਦੀ ਮੀਿਟੰਗ ਵਿੱਚੋਂ ਗ਼ੈਰਹਾਜ਼ਰ ਰਹਿਣਗੇ ਮੋਦੀ ਸਣੇ ਹੋਰ ਵੱਡੇ ਆਗੂ
ਅਕਸ਼ੀਵ ਠਾਕੁਰ
ਨਵੀਂ ਦਿੱਲੀ, 12 ਨਵੰਬਰ
ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਭਾਰਤ ਅਤੇ ਚੀਨ ਦੇ ਨਾਲ-ਨਾਲ ਅਮਰੀਕਾ, ਯੂਰਪੀਅਨ ਯੂਨੀਅਨ, ਫਰਾਂਸ, ਜਾਪਾਨ, ਇਜ਼ਰਾਈਲ ਅਤੇ ਬ੍ਰਾਜ਼ੀਲ ਵਰਗੇ ਵੱਡੇ ਅਰਥਚਾਰਿਆਂ ਦੇ ਆਗੂ ਅਜ਼ਰਬਾਇਜਾਨ ਦੇ ਬਾਕੂ ਵਿਚ ਚੱਲ ਰਹੀ 29ਵੀਂ ਕਾਨਫਰੰਸ ਆਫ ਪਾਰਟੀਜ਼ (ਸੀਓਪੀ29) ਵਿੱਚ ਹਿੱਸਾ ਨਹੀਂ ਲੈਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਪਿਛਲੇ ਸਾਲ ਦੁਬਈ ਵਿੱਚ ਹੋਈ ਸੀਓਪੀ28 ਵਿੱਚ ਹਿੱਸਾ ਲਿਆ ਸੀ ਪਰ ਬਾਕੂ ’ਚ ਉਹ ਸ਼ਮੂਲੀਅਤ ਨਹੀਂ ਕਰਨਗੇ। ਰਾਜ ਮੰਤਰੀ ਕੀਰਤੀ ਵਰਧਨ ਸਿੰਘ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ ਅਤੇ ਉਹ ਸੀਓਪੀ29 ਵਿੱਚ 18 ਅਤੇ 19 ਨਵੰਬਰ ਨੂੰ ਸੰਬੋਧਨ ਕਰਨਗੇ। ਵਫ਼ਦ ਵਿੱਚ ਸ਼ਾਮਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਆਮ ਤੌਰ ’ਤੇ ਸੀਓਪੀ ਵਿੱਚ ਦੁਵੱਲੀਆਂ ਮੀਟਿੰਗਾਂ ਦੌਰਾਨ ਪ੍ਰਮੁੱਖ ਮੁੱਦੇ ਉਠਾਉਂਦਾ ਰਿਹਾ ਹੈ ਪਰ ਇਸ ਵਾਰ ਜਲਵਾਯੂ ਸਿਖਰ ਸੰਮੇਲਨ ਵਿੱਚ ਪ੍ਰਮੁੱਖ ਨੇਤਾਵਾਂ ਦੀ ਗੈਰਹਾਜ਼ਰੀ ਕਾਰਨ ਬਾਕੂ ’ਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੀ ਲੋੜ ਨਹੀਂ ਹੋਵੇਗੀ। ਇਸੇ ਤਰ੍ਹਾਂ ਵਾਤਾਵਰਨ ਮੰਤਰੀ ਯਾਦਵ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਣ ਕਾਰਨ ਨਹੀਂ ਜਾ ਰਹੇ। ਅਧਿਕਾਰੀ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2021 ਵਿੱਚ ਗਲਾਸਗੋ ’ਚ ਸੀਓਪੀ26 ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ ਸੀ।
ਵਿਕਾਸਸ਼ੀਲ ਦੇਸ਼ ਬਾਕੂ ਤੋਂ ਖਾਲੀ ਹੱਥ ਨਹੀਂ ਜਾਣੇ ਚਾਹੀਦੇ: ਗੁਟੇਰੇਜ਼
ਬਾਕੂ:
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਸੀਓਪੀ29 ਵਿੱਚ ਜਲਵਾਯੂ ਐਕਸ਼ਨ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਾਸਸ਼ੀਲ ਦੇਸ਼ ਬਾਕੂ ਤੋਂ ਖਾਲੀ ਹੱਥ ਨਹੀਂ ਜਾਣੇ ਚਾਹੀਦੇ। ਅੱਜ ਸੰਮੇਲਨ ਵਿੱਚ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਇਰ ਸਟਾਰਮਰ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਸਮੇਤ ਲਗਪਗ 50 ਆਗੂਆਂ ਨੇ ਸੰਬੋਧਨ ਕੀਤਾ। -ਪੀਟੀਆਈ