ਮੋਦੀ ਨੇ ਮਨਰੇਗਾ ਦਾ ਬਜਟ ਵੀ ਅੰਬਾਨੀ-ਅਡਾਨੀ ਦੀ ਜੇਬ ’ਚ ਪਾਇਆ: ਬੀਬੀ ਜਗੀਰ ਕੌਰ
ਪਾਲ ਸਿੰਘ ਨੌਲੀ
ਜਲੰਧਰ, 15 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਜਿੱਥੇ 10 ਸਾਲ ਅੰਬਾਨੀ-ਅਡਾਨੀ ਦੇ ਘਰ ਭਰਨ ਵਿੱਚ ਲੱਗੀ ਰਹੀ ਉਥੇ ਮਨਰੇਗਾ ਵਰਕਰਾਂ ਦੇ ਹਿੱਸੇ ਦੇ ਬਜਟ ਵਿੱਚ ਵੱਡੀ ਕਟੌਤੀ ਕਰਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਵਿਰੋਧੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਦੇਣ ਦੀ ਗਾਰੰਟੀ ਸੰਵਿਧਾਨ ਵਿੱਚ ਦਿੱਤੀ ਗਈ ਹੈ ਪਰ ਭਾਰਤ ਦੀ ਨੀਅਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਮਨਰੇਗਾ ਵਰਕਰਾਂ ਦਾ ਵੀ ਹੱਕ ਮਾਰ ਰਹੀ ਹੈ। ਦੇਸ਼ ਵਿੱਚ ਮਨਰੇਗਾ ਵਰਕਰਾਂ ਨੂੰ ਔਸਤਨ 27 ਦਿਨ ਤੋਂ ਲੈਕੇ ਸਿਰਫ 45 ਦਿਨ ਤੱਕ ਹੀ ਕੰਮ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋਗੇ ਤਾਂ ਉਹ ਮਨਰੇਗਾ ਵਰਕਰਾਂ ਦੀ ਆਵਾਜ਼ ਬਣਨਗੇ। ਉਨ੍ਹਾਂ ਕੇਪੀ ਦੀ ਹਾਜ਼ਰੀ ਵਿੱਚ ਕਿਹਾ ਕਿ ਉਹ ਜਿੱਤ ਕੇ ਮਨਰੇਗਾ ਵਰਕਰਾਂ ਨੂੰ ਘੱਟੋ-ਘੱਟ 200 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੁਆਉਣ ਦੀ ਲੜਾਈ ਲੜਨਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਵਾਲੇ ਰਸਤੇ ’ਤੇ ਹੀ ਭਾਜਪਾ ਚੱਲ ਰਹੀ ਹੈ। ਕਿਸਾਨਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਜ਼ੁਲਮ ਕੀਤੇ ਹਨ, ਉਨ੍ਹਾਂ ਨੂੰ ਸਾਰੀ ਦੁਨੀਆ ਨੇ ਦੇਖਿਆ ਹੈ।
ਟੈਕਸਾਂ ਵਿੱਚੋਂ ਪੰਜਾਬ ਦੇ ਬਣਦੇ ਹਿੱਸੇ ਨੂੰ ਰਿਲੀਜ਼ ਨਾ ਕਰਵਾਉਣ ਵਿੱਚ ਫੇਲ੍ਹ ਰਹੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਕੇਂਦਰ ਸਰਕਾਰ ਕੋਲੋਂ ਆਪਣਾ ਬਣਦਾ ਹਿੱਸਾ ਵੀ ਲੈਣ ਵਿੱਚ ਫੇਲ੍ਹ ਰਹੀ ਹੈ। ਸੂਬਾ ਸਰਕਾਰ ਦੇ ਇਸ ਵਤੀਰੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਗੈਰ ਤਜ਼ਰਬੇਕਾਰਾਂ ਦੇ ਹੱਥਾਂ ਵਿੱਚ ਹੋਣ ਕਾਰਨ ਸੂਬੇ ਦੇ ਲੋਕ ਸੰਤਾਪ ਹੰਢਾ ਰਹੇ ਹਨ।