ਪੁਲੀਸ ਲਾਈਨ ਵਿੱਚ ਮੌਕ ਡਰਿੱਲ ਦਾ ਅਭਿਆਸ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਅੱਜ ਇੱਥੇ ਪੁਲੀਸ ਲਾਈਨ ਵਿੱਚ ਦੰਗਾ ਕੰਟਰੋਲ ਫੋਰਸ ਵੱਲੋਂ ਮੌਕ ਡਰਿੱਲ ਦਾ ਅਭਿਆਸ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤਾ ਗਿਆ। ਜ਼ਿਲ੍ਹਾ ਪੁਲੀਸ ਕਪਤਾਨ ਦੇ ਨਿਰਦੇਸ਼ਾਂ ’ਤੇ ਪੁਲੀਸ ਟੀਮਾਂ ਵੱਲੋਂ ਦੰਗਾ ਕੰਟਰੋਲ ਦੀ ਕਵਾਇਦ ਨੂੰ ਅੰਜਾਮ ਦੇਣ ਲਈ ਸੀਡੀਆਈ ਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਪੁਲੀਸ ਕਪਤਾਨ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੂੰ ਅਭਿਆਸ ਦੌਰਾਨ ਹੰਗਾਮੀ ਹਾਲਤਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਬਾਰੇ ਜਾਣਕਾਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁਲਾਜਮਾਂ ਨੂੰ ਕੈਨ ਸ਼ੀਲਡ, ਅਥਰੂ ਗੈਸ ਦੇ ਗੋਲੇ, ਐਂਟੀ ਹਿੱਟ ਗੰਨ, ਅਥਰੂ ਗੈਸ ਬੰਦੂਕ ਵਰਗੇ ਉਪਕਰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਸਿਪਾਹੀਆਂ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ ਦਾ ਮਕਸਦ ਘੱਟੋ ਘੱਟ ਤਾਕਤ ਦੀ ਵਰਤੋਂ ਕਰਕੇ ਭੀੜ ਨੂੰ ਕਾਬੂ ਕਰਨਾ ਹੈ। ਇਹ ਕੰਪਨੀਆਂ ਜ਼ਿਲ੍ਹੇ ਵਿੱਚ ਧਾਰਮਿਕ, ਫਿਰਕੂ ਆਦਿ ਅੰਦੋਲਨ ਨੂੰ ਕੰਟਰੋਲ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਡਾਇਲ 112 ਤੇ ਚੀਤਾ ਰਾਈਡਰਜ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਹੋਵੇਗੀ।