ਆਫ਼ਤ ਪ੍ਰਬੰਧਨ ਸਬੰਧੀ ਮੌਕ ਡਰਿੱਲ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 22 ਨਵੰਬਰ
ਐੱਨਡੀਆਰਐੱਫ ਬਠਿੰਡਾ ਦੀ ਸੱਤਵੀਂ ਬਟਾਲੀਅਨ ਵੱਲੋਂ ਸ੍ਰੀਆਂਸ ਇੰਡਸਟਰੀਜ਼ ਲਿਮਟਿਡ ਬਨਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਫਤ ਪ੍ਰਬੰਧਨ ਸਬੰਧੀ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਐੱਨਡੀਆਰਐੱਫ, ਐੱਸਡਆਰਐੱਫ, ਪੁਲੀਸ, ਫਾਇਰ ਸੇਫਟੀ, ਸਿਹਤ, ਫੂਡ ਸਪਲਾਈ, ਡਿਪਟੀ ਡਾਇਰੈਕਟਰ ਫੈਕਟਰੀਆਂ ਸਮੇਤ ਸਾਰੇ ਵਿਭਾਗਾਂ ਦਾ ਅਮਲਾ ਮੌਜੂਦ ਸੀ। ਇਸ ਦੌਰਾਨ ਫੈਕਟਰੀ ਵਿੱਚ ਕਲੋਰੀਨ ਗੈਸ ਲੀਕੇਜ ਸਬੰਧੀ ਸਹਾਇਕ ਕਮਾਂਡੈਂਟ ਡੀ.ਐਲ ਜਾਖੜ ਦੀ ਅਗਵਾਈ ਵਿੱਚ ਅਭਿਆਸ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਕ ਅਭਿਆਸ ਤੋਂ ਪਹਿਲਾਂ ਸਬੰਧਿਤ ਵਿਭਾਗਾਂ ਨਾਲ ਓਰੀਐਂਟੇਸ਼ਨ ਅਤੇ ਤਾਲਮੇਲ-ਕਮ-ਟੇਬਲ ਟਾਪ ਐਕਸਰਸਾਈਜ਼ ਕਰ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਸੀਆਰਬੀਐਨ (ਰਸਾਇਣਕ, ਰੇਡੀਓਲਾਜੀਕਲ, ਜੈਵਿਕ ਅਤੇ ਪਰਮਾਣੂ) ਮੌਕ ਅਭਿਆਸ ਵਿਸ਼ੇਸ਼ ਤੌਰ ’ਤੇ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ, ਖਾਸ ਕਰਕੇ ਉਦਯੋਗਿਕ ਸੁਰੱਖਿਆ ਦੇ ਨਜ਼ਰੀਏ ਤੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਮੌਕ ਅਭਿਆਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀਆਂਸ ਇੰਡਸਟਰੀਜ਼ ਦਾ ਧੰਨਵਾਦ ਕੀਤਾ।
ਇਸ ਮੌਕੇ ਮੌਜੂਦ ਐਸ.ਡੀ.ਐਮ ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਐਨਡੀਆਰਐਫ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਭਿਆਸ ਨਾਲ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਤੁਰੰਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਮੌਕੇ ਵੱਖ ਵੱਖ ਵਿਭਾਗਾਂ ਦਾ ਆਪਸੀ ਤਾਲਮੇਲ ਬੇਹਦ ਜ਼ਰੂਰੀ ਹੁੰਦਾ ਹੈ ਅਤੇ ਇਸ ਦੌਰਾਨ ਮਨੁੱਖੀ ਜੀਵਨ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।