For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਸੀਐੱਸਆਈਓ ਦਫ਼ਤਰ ’ਚ ਮੌਕ ਡਰਿੱਲ

08:40 AM Apr 25, 2024 IST
ਪੁਲੀਸ ਵੱਲੋਂ ਸੀਐੱਸਆਈਓ ਦਫ਼ਤਰ ’ਚ ਮੌਕ ਡਰਿੱਲ
ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਸੀਐੱਸਆਈਓ ਵਿੱਚ ਜਾਂਚ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਐਨੀ ਸਖ਼ਤੀ ਦੇ ਬਾਵਜੂਦ ਸੈਕਟਰ-30 ਵਿੱਚ ਸਥਿਤ ਸੈਂਟਰਲ ਸਾਇੰਟੈਫਿਕ ਇੰਸਟਰੂਮੈਂਟ ਆਰਗੇਨਾਈਜ਼ੇਸ਼ਨ (ਸੀਐੱਸਆਈਓ) ਵਿੱਚ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੁੰਦਿਆਂ ਦੀ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਬੰਬ ਸਕੁਐਡ ਤੇ ਡੌਗ ਸਕੁਐਡ ਦੇ ਨਾਲ ਸੀਐੱਸਆਈਓ ਪਹੁੰਚ ਕੇ ਨਿਰੀਖਣ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਪੁਲੀਸ ਦੀ ਇਹ ਕਾਰਵਾਈ ‘ਮੌਕ ਡਰਿੱਲ’ ਨਿਕਲੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਮੌਕ ਡਰਿੱਲ ਕੀਤੀ ਗਈ। ਚੰਡੀਗੜ੍ਹ ਪੁਲੀਸ ਦੇ ਕੰਟਰੋਲ ਰੂਮ ਵਿੱਚ ਫੋਨ ਰਾਹੀਂ ਕਿਸੇ ਵੱਲੋਂ ਸੀਐੱਸਆਈਓ ਸੰਸਥਾ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ ਗਈ।
ਚੰਡੀਗੜ੍ਹ ਪੁਲੀਸ ਦੇ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸੂਚਨਾ ਮਿਲਦੇ ਹੀ ਸੀਐੱਸਆਈਓ ਵਿੱਚ ਮੋਰਚਾ ਸਾਂਭਿਆ। ਪੁਲੀਸ ਨੇ ਸੀਐੱਸਆਈਓ ਨੂੰ ਖਾਲੀ ਕਰਵਾ ਕੇ ਚਾਰੋਂ ਪਾਸਿਓਂ ਘੇਰ ਲਿਆ। ਇਸ ਮੌਕੇ ਬੰਬ ਸਕੁਐਡ ਤੇ ਡੌਗ ਸਕੁਐਡ ਦੀ ਟੀਮ ਨੇ ਸੀਐੱਸਆਈਓ ਦੇ ਚੱਪੇ-ਚੱਪੇ ਦੀ ਜਾਂਚ ਕੀਤੀ। ਪੁਲੀਸ ਨੇ ਚੈਕਿੰਗ ਦੌਰਾਨ ਕਮਰਾ ਨੰਬਰ-10 ਵਿੱਚੋਂ ਇਕ ਨਕਲੀ ਬੰਬ ਬਰਾਮਦ ਕੀਤਾ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਬੰਬ ਨੂੰ ਪੁਲੀਸ ਨੇ ਸੈਕਟਰ-26 ਵਿੱਚ ਸਥਿਤ ਪੁਲੀਸ ਲਾਈਨ ਲਿਜਾਕੇ ਨਸ਼ਟ ਕਰ ਦਿੱਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲੀਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 24 ਘੰਟੇ ਸ਼ਹਿਰ ਵਿੱਚ ਹਰੇਕ ਥਾਂ ’ਤੇ ਚੌਕਸੀ ਰੱਖੀ ਜਾ ਰਹੀ ਹੈ। ਸ਼ਹਿਰ ਵਿੱਚ ਚੌਕਸੀ ਰੱਖਣ ਲਈ ਪੀਸੀਆਰ ਗੱਡੀਆਂ ਵੀ ਸਾਰੇ ਸੈਕਟਰਾਂ ਵਿੱਚ ਗਸ਼ਤ ਕਰ ਰਹੀਆਂ ਹਨ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਕਿਸੇ ਵੀ ਅਣਜਾਨ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×