ਟੌਲ ਪਲਾਜ਼ੇ ’ਤੇ ਲੱਗੇ ਮੋਰਚੇ ਦੀ ਮਜ਼ਬੂਤੀ ਲਈ ਲਾਮਬੰਦੀ
ਪੱਤਰ ਪ੍ਰੇਰਕ
ਸ਼ਾਹਕੋਟ, 23 ਅਕਤੂਬਰ
ਬੀਕੇਯੂ ਏਕਤਾ (ਉਗਰਾਹਾਂ) ਬਲਾਕ ਸ਼ਾਹਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਅਤੇ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਜੇ ਤੱਕ ਝੋਨੇ ਦੀ ਖ਼ਰੀਦ ਸਬੰਧੀ ਕੋਈ ਠੋਸ ਫ਼ੈਸਲਾ ਨਾ ਲੈਣ ਕਾਰਨ ਕਿਸਾਨ ਮੰਡੀਆਂ ਖੁਆਰ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਹੋ ਰਹੀ ਬੇਕਦਰੀ ਨੂੰ ਰੁਕਵਾ ਕੇ ਇਸ ਦੀ ਖ਼ਰੀਦ ਤੇ ਚੁਕਾਈ ਨੂੰ ਯਕੀਨੀ ਬਣਵਾਉਣ ਲਈ ਉਹ ਘਰਾਂ ਤੇ ਮੰਡੀਆਂ ਵਿੱਚੋਂ ਬਾਹਰ ਨਿਕਲ ਕੇ ਚੱਕ ਬਾਹਮਣੀਆਂ ਦੇ ਟੌਲ ਉੱਪਰ ਚੱਲ ਰਹੇ ਧਰਨੇ ’ਚ ਪੁੱਜਣ।
ਬਲਾਕ ਸਕੱਤਰ ਮਨਜੀਤ ਸਿੰਘ ਸਾਬੀ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਤੇ ਚੁਕਾਈ ਕਰਵਾਉਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਲਈ ਚੱਕ ਬਾਹਮਣੀਆਂ ਦੇ ਟੌਲ ਉੱਪਰ ਲਗਾਇਆ ਧਰਨਾ ਸੱਤਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਦੀ ਲਾਮਬੰਦੀ ਕਰਨ ਲਈ 2-2 ਪਿੰਡਾਂ ਦੀਆਂ ਕਮੇਟੀਆਂ ਬਣਾਈਆਂ ਹਨ। ਮੀਟਿੰਗ ’ਚ ਗੁਰਮੁਖ ਸਿੰਘ ਸਿੱਧੂ, ਨਿਰਮਲ ਸਿੰਘ ਕਾਂਗਣਾ, ਜਸਪਾਲ ਸਿੰਘ ਸੰਢਾਵਾਲ ਆਦਿ ਹਾਜ਼ਰ ਸਨ।