ਮੇਅਰ ਨੂੰ ਕੁਰਸੀ ਤੋਂ ਲਾਹੁਣ ਲਈ ਲਾਮਬੰਦੀ
ਮਨੋਜ ਸ਼ਰਮਾ
ਬਠਿੰਡਾ, 3 ਨਵੰਬਰ
ਬਠਿੰਡਾ ਕਾਰਪੋਰੇਸ਼ਨ ਦੇ ਮੇਅਰ ਦੀ ਕੁਰਸੀ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ’ਤੇ ਫ਼ੈਸਲਾ ਜਲਦੀ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿਚ ਕਾਂਗਰਸ ਪਾਰਟੀ ਨਾਲ ਸਬੰਧਤਿ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤੇ ਗਏ ਬੇਭਰੋਸਗੀ ਉੱਪਰ ਫ਼ੈਸਲਾ 15 ਨਵੰਬਰ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਵਿਚੋਂ ਬਣੀ ਮੇਅਰ ਰਮਨ ਗੋਇਲ ਦੀ ਕੁਰਸੀ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਜੁੜੀ ਹੋਈ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕਿ ਭਾਜਪਾ ਦਾ ਪੱਲਾ ਫੜਨ ਤੋਂ ਕਾਂਗਰਸ ਕੌਂਸਲਰਾਂ ਨੇ ਉਕਤ ਮੇਅਰ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਰ ਮਨਪ੍ਰੀਤ ਸਿੰਘ ਖੇਮੇ ਨਾਲ ਜੁੜੇ ਦਰਜਨਾਂ ਕਾਂਗਰਸੀ ਕੌਂਸਲਰਾਂ ਦਾ ਸਮਰਥਨ ਮਿਲਦਾ ਰਹਿਣ ਕਾਰਨ ਉਕਤ ਮੇਅਰ ਨੂੰ ਕਾਂਗਰਸ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਉਤਾਰਿਆ ਨਹੀਂ ਜਾ ਸਕਿਆ ਸੀ। ਹੁਣ ਜਦੋਂ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਵਿਚ ਪਕੜ ਢਿੱਲੀ ਪੈਣ ਲੱਗੀ ਹੈ ਤਾਂ ਮੇਅਰ ਨੂੰ ਇੱਕ ਵਾਰ ਫੇਰ ਗੱਦੀ ਤੋਂ ਲਾਂਭੇ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਬੀਤੀ 17 ਅਕਤੂਬਰ ਨੂੰ 30 ਦੇ ਕਰੀਬ ਕੌਂਸਲਰਾਂ ਨੇ ਮੇਅਰ ਵਿਰੁੱਧ ਬੇ ਭਰੋੋਸਗੀ ਦਾ ਮਤਾ ਕਮਿਸ਼ਨਰ ਨੂੰ ਸੌਂਪਿਆ ਸੀ ਅਤੇ ਜਲਦੀ ਹੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਸੀ। ਹੁਣ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਹੈ ਜਿਸ ’ਤੇ ਫ਼ੈਸਲਾ ਹੁਣ 15 ਨਵੰਬਰ ਨੂੰ ਹੋਵੇਗਾ। ਇਸ ਮੀਟਿੰਗ ਵਿਚ ਮੇਅਰ ਖ਼ਿਲਾਫ਼ ਬੇ ਭਰੋਸਗੀ ਮਤੇ ਲਈ ਕਾਂਗਰਸੀ ਕੌਂਸਲਰਾਂ ਨੂੰ ਦੋ ਤਿਹਾਈ ਮੈਂਬਰ ਭੁਗਤਾਉਣੇ ਪੈਣਗੇ। ਜਦੋਂ ਕਿ ਮੇਅਰ ਨੂੰ ਆਪਣੀ ਕੁਰਸੀ ਬਚਾਉਣ ਲਈ 17 ਕੌਂਸਲਰਾਂ ਦੀ ਜ਼ਰੂਰਤ ਹੋਵੇਗੀ। ਗੌਰਤਲਬ ਹੈ ਕਿ ਬਠਿੰਡਾ ਨਿਗਮ ਦੇ ਜਨਰਲ ਹਾਊਸ ਦੀ ਚੋਣ ਵਿਚ 2021 ਵਿਚ ਬਠਿੰਡਾ ਨਿਗਮ ਦੇ ਕੁੱਲ 50 ਵਾਰਡਾਂ ਵਿਚੋਂ 43 ਕੌਂਸਲਰ ਕਾਂਗਰਸ ਨਾਲ ਸਬੰਧਤਿ ਸਨ, ਇਸ ਦੌਰਾਨ ਉਸ ਵੇਲੇ ਦੇ ਮੌਜੂਦਾ ਕੌਂਸਲਰ ਜਗਰੂਪ ਸਿੰਘ ਗਿੱਲ ਵੀ ਇਸ ਮੇਅਰ ਦੇ ਕੁਰਸੀ ਤੋਂ ਨਾਰਾਜ਼ ਹੋ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਜ਼ਿਕਰਯੋਗ ਹੈ ਇਸ ਕੁਰਸੀ ਦੇ ਫ਼ੈਸਲੇ ਲਈ ਅੱਧੀ ਦਰਜਨ ਦੇ ਕਰੀਬ ਅਕਾਲੀ ਕੌਂਸਲਰ ਵੀ ਆਪਣੀ ਭੂਮਿਕਾ ਨਿਭਾਉਣ ਲਈ ਨਜ਼ਰ ਰੱਖ ਰਹੇ ਹਨ। ਮੇਅਰ ਵਾਲੀ ਕੁਰਸੀ ਬਾਰੇ 15 ਨਵੰਬਰ ਨੂੰ ਹੋਣੀ ਵਾਲੀ ਮੀਟਿੰਗ ਵਿਚ ਪਤਾ ਲੱਗੇਗਾ।