ਰੇਲ ਰੋਕੋ ਮੁਹਿੰਮ ਨੂੰ ਕਾਮਯਾਬ ਕਰਨ ਲਈ ਲਾਮਬੰਦੀ ਰੈਲੀਆਂ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ
16 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਰੇਲ ਰੋਕੋ ਮੁਹਿੰਮ ਨੂੰ ਕਾਮਯਾਬ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਲਾਮਬੰਦੀ ਰੈਲੀਆਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਸੁਨਾਮ ਬਲਾਕ ਦੇ ਕਈ ਪਿੰਡਾਂ ਵਿੱਚ ਕੀਤੀਆਂ ਗਈਆ ਲਾਮਬੰਦੀ ਰੈਲੀਆਂ ਵਿੱਚ ਕਿਸਾਨ ਆਗੂਆਂ ਨੇ ਲੋਕਾਂ ਨੂੰ ਆਪਣੇ ਹੱਲ ਲੈਣ ਲਈ ਸੰਘਰਸ਼ ਵਿੱਚ ਕੁੱਦਣ ਦੀ ਪ੍ਰੇਰਿਤ ਕੀਤਾ ਗਿਆ। ਬਲਾਕ ਆਗੂਆਂ ਜਸਵੀਰ ਮੈਦੇਵਾਸ, ਸੰਤਰਾਮ ਛਾਜਲੀ ਅਤੇ ਸਤਗੁਰ ਨਮੋਲ ਸੰਬੋਧਨ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਲੋਕ ਜਬਰ ’ਤੇ ਉਤਰੀਆਂ ਪਈਆਂ ਹਨ। ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਨਾਲ ਆਮ ਲੋਕਾਂ ਦਾ ਜਨ-ਜੀਵਨ ਤਬਾਹ ਹੋ ਜਾਵੇਗਾ। ਆਗੂਆਂ ਕਿਹਾ ਕਿ ਮੰਗਾਂ ਮਨਵਾਉਣ ਲਈ ਉਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਐਮਐਸਪੀ ਲੈਣ ਅਤੇ ਹੜ੍ਹ ਪੀੜਤਾਂ ਨੂੰ ਕੇਂਦਰ ਤੋਂ 50 ਕਰੋੜ ਦਾ ਪੈਕਜ ਲੈਣ ਲਈ 28, 29 ਅਤੇ 30 ਸਤੰਬਰ ਨੂੰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਸ ਸੰਘਰਸ਼ ਵਿੱਚ ਤਕੜੇ ਜ਼ੇਰੇ ਨਾਲ ਕੁੱਦਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਪੱਧਰੀ ਇਕਾਈਆਂ ਦੇ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ।