ਚੰਡੀਗੜ੍ਹ ਵਿੱਚ ਲਗਾਏ ਜਾ ਰਹੇ ਧਰਨਿਆਂ ਲਈ ਲਾਮਬੰਦੀ
ਪੱਤਰ ਪ੍ਰੇਰਕ
ਟਾਂਡਾ, 3 ਅਗਸਤ
ਇਥੇ ਦੇ ਫੋਕਲ ਪੁਆਇੰਟ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਸਾਨਾਂ ਕਿਰਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨਿਆਂ ਲਈ ਲਾਮਬੰਦ ਕੀਤਾ। ਇਸ ਮੌਕੇ ਚੁਤਾਲਾ ਨੇ ਦੱਸਿਆ ਕਿ ਉੱਤਰ ਭਾਰਤ ਦੇ ਪੰਜ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ 22 ਅਗਸਤ ਨੂੰ ਚੰਡੀਗੜ੍ਹ ਵਿਖੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਦਫਤਰਾਂ ਅੱਗੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤੇ ਜਾਣ, ਖੇਤੀ ਕਾਨੂੰਨਾਂ ਖਿਲਾਫ਼ ਲੜਨ ਵਾਲੇ ਕਿਸਾਨਾਂ ਤੇ ਪਾਏ ਝੂਠੇ ਮਾਮਲੇ ਰੱਦ ਕੀਤੇ ਜਾਣ, ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਅਤੇ ਵੱਖ- ਵੱਖ ਸੂਬਿਆਂ ਵਿਚ ਕੌਮੀ ਮਾਰਗਾਂ ਦੇ ਨਿਰਮਾਣ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਉੱਚਿਤ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈ ਕੇ ਧਰਨੇ ਦਿੱਤੇ ਜਾਣਗੇ।
ਹੜ੍ਹਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਮੁਜ਼ਾਹਰਾ 22 ਨੂੰ
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੜ੍ਹਾਂ ਤੇ ਬਰਸਾਤਾਂ ਨਾਲ ਹੋਏ ਨੁਕਸਾਨ ਦਾ ਪੀੜਤਾਂ ਨੂੰ ਮੁਆਵਜਾਂ ਦਿਵਾਉਣ ਲਈ 22 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਲਈ ਪੰਜਾਬ ਭਰ ਵਿਚ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਉਕਤ ਪ੍ਰਗਟਾਵਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਨਜ਼ਦੀਕੀ ਪਿੰਡ ਨੰਗਲ ਅੰਬੀਆਂ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਆਏ ਹੜ੍ਹਾਂ ਅਤੇ ਪੰਜਾਬ ਭਰ ਵਿਚ ਪਏ ਭਾਰੀ ਮੀਂਹ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਫਸਲਾਂ,ਘਰਾਂ,ਪਸ਼ੂਆਂ ਅਤੇ ਮਨੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ। ਪੀੜਤਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਵਾਸਤੇ ਉਹ 22 ਅਗਸਤ ਨੂੰ ਚੰਡੀਗੜ੍ਹ ਵਿਖੇ ਸੂਬਾਈ ਮੁਜ਼ਾਹਰਾ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ,ਜਥੇਬੰਦਕ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ 22 ਅਗਸਤ ਦੇ ਮੁਜ਼ਾਹਰੇ ਵਿਚ ਜ਼ਿਲ੍ਹਾ ਜਲੰਧਰ ਵਿਚੋ ਹਜਾਰਾਂ ਕਿਸਾਨ ਤੇ ਮਜ਼ਦੂਰ ਸਮੂਲੀਅਤ ਕਰਨਗੇ। ਇਸ ਮੌਕੇ ਜਰਨੈਲ ਸਿੰਘ ਰਾਮੇ,ਜਗਦੀਸ਼ ਪਾਲ ਸਿੰਘ ਹਾਜ਼ਰ ਸਨ।