ਸਟੂਡੈਂਟਸ ਐਸੋਸੀਏਸ਼ਨ ਵੱਲੋਂ ਇਜਲਾਸ ਲਈ ਲਾਮਬੰਦੀ
ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਸਰਗਰਮ ਕਾਰਕੁਨਾਂ ਦੀ ਬੈਠਕ ਸੁਖਪ੍ਰੀਤ ਕੌਰ ਰਮਦਿੱਤੇਵਾਲਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿੱਚ ਹੋਈ। ਇਸ ਦੌਰਾਨ ਜਥੇਬੰਦਕ ਨੌਜਵਾਨ ਆਗੂਆਂ ਵੱਲੋਂ ਐਸੋਸੀਏਸ਼ਨ ਦੇ ਇਜਲਾਸ ਦੀ ਤਿਆਰੀ ਸਬੰਧੀ ਹੱਥ ਪਰਚਾ ਜਾਰੀ ਕੀਤਾ ਗਿਆ। ਵਿਦਿਆਰਥੀ ਜਥੇਬੰਦੀ ਦੇ ਸੂਬਾਈ ਕਮੇਟੀ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਹਾਸ਼ੀਏ ਤੇ ਧੱਕੇ ਹੋਏ ਤਬਕਿਆਂ ਨੂੰ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਧੱਕਣ ਦਾ ਰਾਹ ਅਖ਼ਤਿਆਰ ਕਰ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਦਾ ਨਾਮ ਹੀ ਨਵੀਂ ਸਿੱਖਿਆ ਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਖਿਲਾਫ਼ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਜੁਲਾਈ ਮਹੀਨੇ ’ਚ ਮੈਂਬਰਸ਼ਿਪ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੇ ਅਖੀਰ ਵਿੱਚ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਆਇਸਾ ਦੇ ਮੈਂਬਰਾਂ ਦੀਆਂ ਮੀਟਿੰਗਾਂ ਕਰਦੇ ਹੋਏ, ਹਰ ਵਿੱਦਿਅਕ ਸੰਸਥਾ ’ਚ ਜਥੇਬੰਦੀ ਦੀਆਂ ਕਮੇਟੀਆਂ ਦੀ ਚੋਣ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹੀ ਆਇਸਾ ਦੇ 9, 10 ਅਤੇ 11 ਅਗਸਤ ਦੇ ਕਲਕੱਤਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਅਤੇ ਪੰਜਾਬ ਭਰ ਵਿੱਚ ਵੀ ਜਥੇਬੰਦਕ ਢਾਂਚਾ ਮਜ਼ਬੂਤ ਕਰਕੇ ਸੂਬਾ ਪੱਧਰੀ ਢਾਂਚੇ ਦੀ ਉਸਾਰੀ ਕੀਤੀ ਜਾਵੇਗੀ।