ਸ਼ੰਭੂ ਬਾਰਡਰ ’ਤੇ ਮਹਾਂਪੰਚਾਇਤ ਲਈ ਲਾਮਬੰਦੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਫਰਵਰੀ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ, ਢਾਬੀ ਗੁੱਜਰਾਂ ਅਤੇ ਰਤਨ ਪੁਰਾ ਬਾਰਡਰਾਂ ’ਤੇ ਜਾਰੀ ਕਿਸਾਨ ਮੋਰਚਿਆਂ ਦੀ ਜਿੱਤ ਦੀ ਜ਼ਾਮਨ ਸਿਰਫ਼ ਕਿਸਾਨਾਂ ਦੀ ਜਥੇਬੰਦਕ ਤਾਕਤ ਹੀ ਬਣ ਸਕਦੀ ਹੈ। ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਦੇ ਹੋਏ ਉਕਤ ਮੋਰਚਿਆਂ ’ਚ ਭਰਵੀਂ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਹ ਗੱਲ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇਵਾਲ ਨੇ ਨੇੜਲੇ ਪਿੰਡ ਰਾਣਵਾਂ ਵਿੱਚ ਬਲਾਕ ਮਾਲੇਰਕੋਟਲਾ ਨਾਲ ਸਬੰਧਤ ਕਿਸਾਨਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ 'ਚ ਕਿਸਾਨਾਂ ਦੀ ਜਥੇਬੰਦਕ ਤਾਕਤ ਤੇ ਸ਼ਾਂਤਮਈ ਸੰਘਰਸ਼ ਹੀ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਥੇਬੰਦਕ ਤਾਕਤ ਮਜ਼ਬੂਤ ਕਰਨ ਅਤੇ ਸ਼ੰਭੂ ਬਾਰਡਰ ’ਤੇ 13 ਫਰਵਰੀ ਨੂੰ ਹੋ ਰਹੀ ਕਿਸਾਨ ਮਹਾਪੰਚਾਇਤ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ। ਇਸ ਦੌਰਾਨ ਗੁਰਪਿੰਦਰ ਸਿੰਘ ਡੱਲੇਵਾਲ ਦੀ ਮੌਜੂਦਗੀ ’ਚ ਹੋਈ ਬੀਕੇਯੂ, (ਸਿੱਧੂਪੁਰ) ਦੀ ਬਲਾਕ ਮਾਲੇਰਕੋਟਲਾ ਇਕਾਈ ਦੀ ਚੋਣ ਵਿੱਚ ਨਰਿੰਦਰ ਸਿੰਘ ਬਿੱਲੂ ਰਾਣਵਾਂ ਨੂੰ ਪ੍ਰਧਾਨ, ਰਣਜੀਤ ਸਿੰਘ ਜੀਤਾ ਕੁੱਪ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਸਰੌਦ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਛੋਕਰਾਂ ਨੂੰ ਜਨਰਲ ਸਕੱਤਰ, ਜਸਪਾਲ ਸਿੰਘ ਰਾਣਵਾਂ ਨੂੰ ਖ਼ਜ਼ਾਨਚੀ ਤੇ ਜਗਦੀਪ ਸਿੰਘ ਲਸੋਈ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।