ਇਨੈਲੋ ਅਤੇ ਬਸਪਾ ਦੀ ਸਾਂਝੀ ਜ਼ਿਲ੍ਹਾ ਪੱਧਰੀ ਮੀਟਿੰਗ ਲਈ ਲਾਮਬੰਦੀ
ਪੱਤਰ ਪ੍ਰੇਰਕ
ਕਾਲਾਂਵਾਲੀ, 11 ਅਗਸਤ
ਇੱਥੇ ਆਈਐੱਸਓ ਦੇ ਕੌਮੀ ਪ੍ਰਧਾਨ ਅਰਜੁਨ ਚੌਟਾਲਾ ਨੇ ਕਿਹਾ ਕਿ ਭਾਜਪਾ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਉਚਿਤ ਮੌਕੇ ਮੁਹੱਈਆ ਨਾ ਕਰਵਾ ਕੇ ਉਨ੍ਹਾਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ। ਅਰਜੁਨ ਚੌਟਾਲਾ ਖੇਤਰ ਦੇ ਪਿੰਡ ਸਾਹੂਵਾਲਾ ਫਸਟ, ਕਰਮਗੜ੍ਹ, ਖੂਈਆਂ ਨੇਪਾਲਪੁਰ, ਪੰਨੀਵਾਲਾ ਮੋਟਾ, ਭਾਗਸਰ, ਖਾਰੀਆਂ, ਜੋਧਪੁਰੀਆ, ਪੀਰਖੇੜਾ, ਫਤਿਹਪੁਰ ਨਿਆਮਤ ਖਾਂ, ਸ਼ੇਖੂਪੁਰੀਆ ਅਤੇ ਪੰਜੂਆਣਾ ਆਦਿ ਵਿੱਚ ਲੋਕਾਂ ਨੂੰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਪੂਰੇ ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ ਅਤੇ ਇਸ ਕਾਰਨ ਨੌਜਵਾਨ ਅੱਜ ਨਸ਼ਿਆਂ ਅਤੇ ਜੁਰਮ ਦੀ ਦਲਦਲ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ ਇਸ ਲਈ ਕਈ ਝੂਠੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿਉਂਕਿ ਇਹ ਚੋਣਾਂ ਦਾ ਸਮਾਂ ਹੈ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ 13 ਅਗਸਤ ਨੂੰ ਸਿਰਸਾ ਦੀ ਨਵੀਂ ਅਨਾਜ ਮੰਡੀ ਵਿੱਚ ਇਨੈਲੋ ਅਤੇ ਬਸਪਾ ਦੀ ਸਾਂਝੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਇਨੈਲੋ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਧਰਮਵੀਰ ਨੈਨ, ਸੁਭਾਸ਼ ਨੈਨ, ਜਸਵੀਰ ਸਿੰਘ ਜੱਸਾ, ਭਗਵਾਨ ਕੋਟਲੀ, ਪ੍ਰਦੀਪ ਬੈਨੀਵਾਲ, ਰਾਮਕੁਮਾਰ ਨੈਨ, ਰਮਨ ਮਹਿਤਾ, ਗੁਰਦੀਪ ਸਿੰਘ, ਪੰਨਾ ਲਾਲ ਹਾਜ਼ਰ ਸਨ।