ਖੇਤੀ ਮੰਤਰੀ ਦੇ ਘਰ ਅੱਗੇ ਪੱਕੇ ਮੋਰਚੇ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 5 ਅਗਸਤ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਨੂੰ ਅਣਗੌਲੇ ਕਰਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 18 ਅਗਸਤ ਤੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਦਿੱਤੇ ਜਾਣ ਵਾਲੇ ਅਣਮਿੱਥੇ ਸਮੇਂ ਦੀ ਧਰਨੇ ਸਬੰਧੀ ਪਿੰਡਾਂ ’ਚ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਪਿੰਡ ਭਾਗਸਰ, ਖੁੰਡੇ ਹਲਾਲ ਆਦਿ ’ਚ ਬੈਠਕਾਂ ਉਪਰੰਤ ਪਿੰਡ ਭੁੱਟੀਵਾਲਾ ਵਿਖੇ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਬੈਠਕ ਕੀਤੀ ਗਈ। ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਾਰਨ 18 ਅਗਸਤ ਤੋਂ ਖੇਤੀ ਮੰਤਰੀ ਦੇ ਘਰ ਅੱਗੇ ਅਣਮਿਥੇ ਸਮੇਂ ਦਾ ਧਰਨਾ ਦੇਣ ਲਈ ਪਿੰਡਾਂ ’ਚ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜਾ ਸਿੰਘ ਖੂਨਣ ਖੁਰਦ, ਜਸਕਰਨ ਸਿੰਘ ਦੋਦਾ, ਪ੍ਰਗਟ ਸਿੰਘ ਆਸਾ ਬੁੱਟਰ ਸ਼ਾਮਲ ਸਨ।
ਭਗਤਾ ਭਾਈ (ਪੱਤਰ ਪ੍ਰੇਰਕ): ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 18 ਅਗਸਤ ਨੂੰ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਲਾਮਬੰਦੀ ਲਈ ਬਲਾਕ ਭਗਤਾ ਭਾਈ ਦੀ ਮੀਟਿੰਗ ਪਿੰਡ ਕੋਠਾ ਗੁਰੂ ਵਿੱਚ ਤੀਰਥ ਸਿੰਘ ਕੋਠਾ ਗੁਰੂ ਦੀ ਪ੍ਰਧਾਨਗੀ ਹੇਠ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਕਾਰਨ ਜਥੇਬੰਦੀ ਵੱਲੋਂ 18 ਅਗਸਤ ਨੂੰ ਖੇਤੀ ਮੰਤਰੀ ਖੁੱਡੀਆਂ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾ ਰਿਹਾ ਹੈ। ਧਰਨੇ ਤੋਂ ਪਹਿਲਾਂ 10 ਅਗਸਤ ਨੂੰ ਉਨ੍ਹਾਂ ਨੂੰ ਜਨਤਕ ਵਫ਼ਦ ਮਿਲ਼ ਕੇ ਮੰਗ ਪੱਤਰ ਦੇਵੇਗਾ। ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਬਲਾਕ ਭਗਤਾ ਭਾਈ ਵਿੱਚੋਂ ਮਜ਼ਦਰ ਪਰਿਵਾਰਾਂ ਸਣੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਜੀਵਨ ਭਗਤਾ, ਗੁਰਜੀਤ ਨਾਥਪੁਰਾ ਹਾਜ਼ਰ ਸਨ।