ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਮੰਤਰੀ ਦੇ ਘਿਰਾਓ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਨਵੰਬਰ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿੱਖਿਆ ਮੰਤਰੀ ਦੇ ਪਿੰਡ ਪਹਿਲੀ ਦਸੰਬਰ ਨੂੰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਅੱਜ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸੂਬਾ ਕਨਵੀਨਰ ਗੁਰਜੰਟ ਸਿੰਘ ਵਾਲੀਆਂ ਅਤੇ ਸੁਖਜਿੰਦਰ ਸਿੰਘ ਹਰੀਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਨਵੀਨਰ ਦੇਵੀ ਦਿਆਲ, ਕ੍ਰਿਸ਼ਨ ਦੁੱਗਾਂ, ਵਰਿੰਦਰਜੀਤ ਸਿੰਘ ਬਜਾਜ ਅਤੇ ਜਸਵਿੰਦਰ ਸਿੰਘ ਨੇ ਦਸਿਆਂ ਕਿ ਸਿੱਖਿਆ ਮੰਤਰੀ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਦੋਵੇਂ ਡੀਐੱਸਈਜ਼ ਰਾਹੀਂ ਰੋਸ ਪੱਤਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਸਨ, ਜਿਸ ਵਿੱਚ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ। 2018 ਤੋਂ ਲਾਗੂ ਕੀਤੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਦਾ ਵਾਰ-ਵਾਰ ਕੀਤਾ ਗਿਆ ਵਾਅਦਾ ਨਿਭਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ। ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਸਿੱਖਿਆ ਮੰਤਰੀ ਨੇ ਕੋਈ ਨੋਟਿਸ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਮੀਟਿੰਗ ਵਿੱਚ ਸਰਬਜੀਤ ਸਿੰਘ ਪੁੰਨਾਵਾਲ, ਵਿਸ਼ਾਲ ਸ਼ਰਮਾ, ਚੰਦ ਸਿੰਘ, ਅਮਰਪਾਲ, ਗੁਰਬਿੰਦਰ ਸਿੰਘ ਜਲਾਨ, ਅਮਨਦੀਪ ਸਿੰਘ ਕਲੇਰ, ਜਗਤਾਰ ਸਿੰਘ ਚੱਠਾ, ਯਸਮੀਤ ਸਿੰਘ ਮੌਜੂਦ ਸਨ।