ਕਿਸਾਨਾਂ ਵੱਲੋਂ ਖਨੌਰੀ ਬਾਰਡਰ ਮੋਰਚੇ ਲਈ ਲਾਮਬੰਦੀ
ਲਖਵੀਰ ਚੀਮਾ
ਮਹਿਲ ਕਲਾਂ, 14 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕਸਬਾ ਮਹਿਲ ਕਲਾਂ ਵਿੱਚ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲਮਾਜਰਾ ਅਤੇ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਝੋਨੇ ਦੇ ਸੀਜ਼ਨ ਵਿੱਚ ਜਿੱਥੇ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਸੰਘਰਸ਼ ਕੀਤੇ ਜਾਣੇ ਹਨ, ਉਥੇ ਉਕਤ ਮੋਰਚੇ ਵਿੱਚ ਵੀ ਕਾਫ਼ਲਿਆਂ ਦੀ ਰਵਾਨਗੀ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀਆਂ, ਉਦੋਂ ਤੱਕ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ਼ ਮੋਰਚੇ ਜਾਰੀ ਰੱਖੇ ਜਾਣਗੇ। ਇਸ ਮੌਕੇ ਕਿਸਾਨ ਆਗੂ ਨਛੱਤਜ ਸਿੰਘ, ਵਰਿਆਮ ਸਿੰਘ ਸਹੌਰ, ਸੁਖਵੰਤ ਸਿੰਘ ਗੰਗੋਹਰ, ਦੁਖਵਿੰਦਰ ਸਿੰਘ ਮੂੰਮ, ਰਮਨਪ੍ਰੀਤ ਸਿੰਘ ਛੀਨੀਵਾਲ, ਜਗਜੀਤ ਸਿੰਘ ਗੰਗੋਹਰ,ਬਲਵਿੰਦਰ ਸਿੰਘ, ਅਵਤਾਰ ਸਿੰਘ ਤੇ ਨਿਰਭੈ ਸਿੰਘ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ।