ਭਾਰਤ ਬੰਦ ਸਬੰਧੀ 32 ਕਿਸਾਨ ਜਥੇਬੰਦੀਆਂ ਵੱਲੋਂ ਲਾਮਬੰਦੀ
ਗੁਰਿੰਦਰ ਸਿੰਘ
ਲੁਧਿਆਣਾ, 29 ਜਨਵਰੀ
ਇੱਥੇ ਅੱਜ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵੱਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਵਿੱਢਣ ਖਾਤਰ ਵਿਚਾਰਾਂ ਹੋਈਆਂ।
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਬਲਬੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਇਸ ਦੌਰਾਨ 16 ਫਰਵਰੀ ਦੇ ਬੰਦ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕਦਿਆਂ ਕਿਸਾਨ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਸਮਾਜ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੇ ਸਹਿਯੋਗ ਲੈਣ ਲਈ 31 ਜਨਵਰੀ ਨੂੰ ਲੁਧਿਆਣਾ ਵਿੱਚ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿੱਚ ਸ਼ਾਮਿਲ ਹੋਣ ਲਈ ਆੜ੍ਹਤੀ ਐਸੋਸੀਏਸ਼ਨਾਂ, ਟਰਾਂਸਪੋਰਟ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ, ਨੌਜਵਾਨ, ਔਰਤ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ। ਇਸੇ ਤਰ੍ਹਾਂ ਕਿਸਾਨਾਂ ਦੀ ਪਿੰਡ ਪੱਧਰ ਤੱਕ ਲਾਮਬੰਦੀ ਲਈ 9 ਫਰਵਰੀ ਨੂੰ ਤਹਿਸੀਲ ਪੱਧਰ ’ਤੇ ਰੋਸ ਮਾਰਚ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਮੀਟਿੰਗ ਦੌਰਾਨ 32 ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਫ਼ਲ ਕਰਨ ਲਈ 16 ਫਰਵਰੀ ਨੂੰ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਦੀਆਂ ਮੁੱਖ ਸੜਕਾਂ ਅਤੇ ਚੌਕਾਂ ’ਤੇ ਵੱਡੇ ਇਕੱਠ ਕਰਕੇ ਜਾਮ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ, ਕਰਜ਼ਾ ਮੁਕਤੀ, ਸੰਘੀ ਢਾਂਚੇ ਉੱਪਰ ਹੋ ਰਹੇ ਹਮਲਿਆਂ ਕਾਰਨ ਸੂਬੇ ਦੇ ਅਧਿਕਾਰਾਂ ’ਤੇ ਵੱਜ ਰਹੀ ਸੱਟ ਅਤੇ ਐੱਮਐੱਸਪੀ ਦੇ ਸਵਾਲ ’ਤੇ ਭਵਿੱਖੀ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਲਈ 18 ਫਰਵਰੀ ਨੂੰ ਚੰਡੀਗੜ੍ਹ ਵਿੱਖੇ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਡਾ. ਦਰਸ਼ਨਪਾਲ, ਪਰਮਿੰਦਰ ਸਿੰਘ ਪਾਲ ਮਾਜਰਾ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ ਹਾਜ਼ਰ ਸਨ।
ਦਿੱਲੀ ਅੰਦੋਲਨ ਦੀ ਤਿਆਰੀ ਲਈ ਕਿਸਾਨਾਂ ਨੇ ਕੇਂਦਰ ਦੇ ਪੁਤਲੇ ਫੂਕੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਮਜ਼ਦੂਰ ਮੋਰਚਾ ਦੀਆਂ 16 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਪ੍ਰਦਰਸ਼ਨਾਂ ਦੌਰਾਨ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਤਰੀਕੇ ਨਾਲ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਉਖਾੜਨ ਦੀ ਕੋਸ਼ਿਸ਼ ਅਸਲ ਮਾਅਨਿਆਂ ਵਿੱਚ ਲੋਕਤੰਤਰ ਨੂੰ ਉਖਾੜਨ ਦਾ ਹੀ ਕੀਤਾ ਗਿਆ ਯਤਨ ਸੀ, ਜੋ ਸਫ਼ਲ ਨਹੀਂ ਹੋ ਸਕਿਆ ਪਰ ਇਸ ਦੇ ਦੋਸ਼ੀ ਅੱਜ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਜਥੇਬੰਦੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਤੱਕ ਇਸ ਅਭੁੱਲਣਯੋਗ ਵਿਹਾਰ ਨੂੰ ਯਾਦ ਰੱਖੇਗੀ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਾਰੀਆਂ ਜਥੇਬੰਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਦਿੱਲੀ ਅੰਦੋਲਨ ਲਈ ਕਮਰ ਕਸ ਲੈਣ ਅਤੇ 13 ਫਰਵਰੀ ਨੂੰ ਕਿਸਾਨ ਮਜ਼ਦੂਰ ਦੇ ਕਾਰਪੋਰੇਟ ਪੱਖੀ ਤਾਕਤਾਂ ਵਿਰੁੱਧ ਇਸ ਇਤਿਹਾਸਿਕ ਤੇ ਨਿਰਣਾਇਕ ਸੰਘਰਸ਼ ਦਾ ਹਿੱਸਾ ਬਣਨ।