For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਵੱਲੋਂ ਧੂਰੀ ਦੇ 12 ਪਿੰਡਾਂ ਵਿੱਚ ‘ਲਾਮਬੰਦੀ ਚੇਤਨਾ ਮਾਰਚ’

06:44 AM May 16, 2024 IST
ਕਿਸਾਨ ਜਥੇਬੰਦੀਆਂ ਵੱਲੋਂ ਧੂਰੀ ਦੇ 12 ਪਿੰਡਾਂ ਵਿੱਚ ‘ਲਾਮਬੰਦੀ ਚੇਤਨਾ ਮਾਰਚ’
ਪਿੰਡ ਜੱਖਲਾ ਦੇ ਦਰਵਾਜ਼ੇ ਨੇੜੇ ਕਿਸਾਨ ‘ਭਾਜਪਾ ਹਰਾਓ, ਭਾਜਪਾ ਭਜਾਓ’ ਦਾ ਪੋਸਟਰ ਦਿਖਾਉਂਦੇ ਹੋਏ।
Advertisement

ਬੀਰਬਲ ਰਿਸ਼ੀ
ਧੂਰੀ, 15 ਮਈ
ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਅੱਜ ਤੀਜੇ ਦਿਨ ਧੂਰੀ ਇਲਾਕੇ ਦੇ 12 ਪਿੰਡਾਂ ਵਿੱਚ ‘ਲਾਮਬੰਦੀ ਚੇਤਨਾ ਮਾਰਚ’ ਕਰ ਕੇ ਕੇਂਦਰ ਦੀ ਭਾਜਪਾ ਦੇ ਨਾਲ-ਨਾਲ ਗੰਨਾ ਮਿੱਲ ਧੂਰੀ ਬੰਦ ਹੋਣ ਦੇ ਮਾਮਲੇ ਵਿੱਚ ਸੂਬੇ ਦੀ ‘ਆਪ’ ਸਰਕਾਰ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਯਾਦ ਰਹੇ ਕਿ ਕਿਸਾਨਾਂ ਦੀ ਲਾਮਬੰਦੀ ਲਈ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਦੋ ਦਿਨ ਪਹਿਲਾਂ ਪਿੰਡ ਬੇਨੜਾ ਤੋਂ ਦੋ ਪਾਰਟੀਆਂ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਸੀ।
ਚੇਤਨਾ ਮਾਰਚ ਦੇ ਆਖ਼ਰੀ ਦਿਨ ਅੱਜ ਸਵੇਰ ਸਮੇਂ ਕਿਸਾਨਾਂ ਦੇ ਕਾਫ਼ਲੇ ਨੇ ਪਿੰਡ ਬਰੜਵਾਲ ਤੋਂ ਜਨਤਕ ਰੈਲੀਆਂ ਦਾ ਆਗਾਜ਼ ਕੀਤਾ ਜਦਕਿ ਇਸ ਤੋਂ ਅੱਗੇ ਧਾਂਦਰਾ, ਮੀਮਸਾ, ਈਸੀ, ਕੌਲਸੇੜੀ, ਹਰਚੰਦਪੁਰਾ, ਮੀਰਹੇੜੀ, ਭੁੱਲਰਹੇੜੀ, ਭੱਦਲਵੜ੍ਹ, ਭੋਜੋਵਾਲੀ, ਪਲਾਸੌਰ, ਭਲਵਾਨ ਤੇ ਜੱਖਲਾਂਂ ਵਿੱਚ ਪਹੁੰਚ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਕਮੇਟੀ ਮੈਂਬਰ ਹਰਦਮ ਸਿੰਘ ਰਾਜੋਮਾਜਰਾ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਬੀਕੇਯੂ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਲਖਵੀਰ ਸਿੰਘ ਲੱਖਾ, ਬੀਕੇਯੂ ਕਾਦੀਆਂ ਦੇ ਗੁਰਦੀਪ ਸਿੰਘ ਬੁਗਰਾ ਨੇ ਜਿੱਥੇ ਭਾਜਪਾ ਦੇ ਉਮੀਦਵਾਰ ਦੀ ਆਮਦ ’ਤੇ ਉਸਦਾ ਵਿਰੋਧ ਕਰਨ ਲਈ ਕਿਹਾ ਉੱਥੇ ਸਰਕਾਰ ਦੇ ਆਲਸਪੁਣੇ ਕਾਰਨ ਧੂਰੀ ਦੀ ਗੰਨਾ ਮਿੱਲ ਬੰਦ ਹੋਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦੇ ਮਾਮਲੇ ’ਚ ‘ਆਪ’ ਉਮੀਦਵਾਰ ਨੂੰ ਸੁਆਲ ਕਰਨ ਦਾ ਸੱਦਾ ਦਿੱਤਾ। ਇਸੇ ਕਾਫ਼ਲੇ ਵਿੱਚ ਸ਼ਾਮਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਨਵੀਨਰ ਮੁਕੇਸ਼ ਮਲੌਦ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਦਾਅਵਾ ਕੀਤਾ ਕਿ ਭਾਵੇ ਸੰਯੁਕਤ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਤਕਰੀਬਨ ਤਿੰਨ ਦਰਜਨ ਪਿੰਡਾਂ ਵਿੱਚ ਮਾਰਚ ਪੂਰਾ ਕਰਨ ਦਾ ਅੱਜ ਆਖਰੀ ਦਿਨ ਸੀ ਪਰ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਨਾਲ ਮਿਲ ਕੇ ਰਹਿੰਦੇ ਪਿੰਡਾਂ ਵਿੱਚ ਇਸ ਮਾਰਚ ਨੂੰ ਬਾ-ਦਸਤੂਰ ਜਾਰੀ ਰੱਖਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਭਾਜਪਾ ਉਮੀਦਵਾਰ ਨੂੰ ਭਜਾਇਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×