ਖਣਨ ’ਤੇ ਨਿਗਰਾਨੀ ਲਈ ਮੋਬਾਈਲ ਐਪ ਲਾਂਚ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਨਵੰਬਰ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥੇ ‘ਪੰਜਾਬ ਮਾਈਨਜ਼ ਇੰਸਪੈਕਸ਼ਨ’ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਇਹ ਮੋਬਾਈਲ ਐਪ ਸੂਬੇ ਭਰ ਵਿੱਚ ਖਣਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਚੈਕਿੰਗ ਵਧਾਉਣ ਲਈ ਡਿਜ਼ਾਈਨ ਕੀਤੀ ਗਈ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਐਂਡਰਾਇਡ-ਆਧਾਰਤ ਐਪਲੀਕੇਸ਼ਨ ਵਿਭਾਗੀ ਅਧਿਕਾਰੀਆਂ ਲਈ ਮਾਈਨਿੰਗ ਵਾਲੀਆਂ ਥਾਵਾਂ ਦੀ ਸਹੀ ਢੰਗ ਨਾਲ ਚੈਕਿੰਗ ਕਰਨ ਅਤੇ ਉਨ੍ਹਾਂ ਦੇ ਦਸਤਾਵੇਜ਼ੀਕਰਨ ਸਬੰਧੀ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰੇਗੀ। ਮੰਤਰੀ ਨੇ ਦੱਸਿਆ ਕਿ ਵਿਭਾਗ ਵਿੱਚ ਇਹ ਤਕਨਾਲੋਜੀ-ਆਧਾਰਤ ਪਹੁੰਚ ਖਣਨ ਨਿਯਮਾਂ ਦਾ ਬਿਹਤਰ ਲਾਗੂ ਕਰਨਾ ਯਕੀਨੀ ਬਣਾ ਕੇ ਸੂਬੇ ਦੇ ਮਾਲੀਏ ਨੂੰ ਵਧਾਉਣ ਵਿੱਚ ਵੀ ਸਹਾਈ ਹੋਵੇਗੀ। ਐਪ ਜਾਰੀ ਕਰਨ ਮੌਕੇ ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੱਧੂ, ਖਣਨ ਤੇ ਭੂ-ਵਿਗਿਆਨ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਖਣਨ ਵਿਭਾਗ ਦੇ ਡਾਇਰੈਕਟਰ ਅਭਿਜੀਤ ਕਪਲਿਸ਼ ਅਤੇ ਖਣਨ ਵਿਭਾਗ ਦੇ ਚੀਫ਼ ਇੰਜਨੀਅਰ ਡਾ. ਹਰਿੰਦਰਪਾਲ ਸਿੰਘ ਬੇਦੀ ਆਦਿ ਹਾਜ਼ਰ ਸਨ।