ਮੋਮੀਆਂ ਡਰੇਨ ਦੇ ਰੁੜ੍ਹੇ 70 ਫੁੱਟ ਕਿਨਾਰੇ ਤੋਂ ਲੋਕਾਂ ਵਿੱਚ ਸਹਿਮ
ਪੱਤਰ ਪ੍ਰੇਰਕ
ਪਾਤੜਾਂ, 9 ਜੁਲਾਈ
ਡਰੇਨੇਜ਼ ਵਿਭਾਗ ਮੋਮੀਆਂ ਡਰੇਨ ਦੇ ਪਿੰਡ ਰਸੌਲੀ ਕੋਲੋਂ ਰੁੜੇ ਕਿਨਾਰੇ ਬਰਸਾਤ ਦੇ ਦਿਨਾਂ ਵਿੱਚ ਪੱਥਰ ਲਾ ਕੇ ਮਜ਼ਬੂਤ ਕਰ ਰਿਹਾ ਹੈ। ਇਨ੍ਹੀਂ ਦਿਨੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਭਰਵੇਂ ਮੀਂਹ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਤੇ ਡਰੇਨ ਦੀ ਮਾਰ ਹੇਠ ਆਉਂਦੇ ਦਰਜਨ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਨੰਬਰਦਾਰ ਸੁਖਦੇਵ ਸਿੰਘ, ਸਰਪੰਚ ਚਿਮਨ ਲਾਲ, ਜਸਕਰਨ ਸਿੰਘ, ਹਰਜਿੰਦਰ ਸਿੰਘ, ਹਰਦੇਵ ਸਿੰਘ, ਵਿੱਕੀ ਧਾਲੀਵਾਲ ਕਿਹਾ ਹੈ ਕਿ ਡਰੇਨ ਵਿਭਾਗ ਪਿੰਡ ਰਸੌਲੀ ਨੇੜੇ ਮੋਮੀਆ ਡਰੇਨ ਦੇ ਰੁੜੇ 70 ਫੁੱਟ ਕਿਨਾਰੇ ਵਿੱਚੋਂ ਸਿਰਫ਼ 25 ਹਿੱਸੇ ਨੂੰ ਉਸ ਸਮੇਂ ਮਜ਼ਬੂਤ ਕਰਨ ਵਿੱਚ ਰੁੱਝਿਆ ਹੋਇਆ ਹੈ ਜਦੋਂ ਮੀਂਹ ਸ਼ੁਰੂ ਹੋ ਚੁੱਕੇ ਹਨ ਤੇ ਘੱਗਰ ਵਿੱਚ ਹੜ੍ਹਾਂ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੱਥਰ ਲੱਗਣ ਵਾਲੇ ਤੋਂ ਅਗਲੇ ਕੱਚੇ ਹਿੱਸੇ ਵਿੱਚ ਪਾੜ ਪੈਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਭਰ ਸਕਦਾ ਹੈ, ਇਸ ਸਮੁੱਚੇ 70 ਫੁੱਟ ਹਿੱਸੇ ’ਤੇ ਪੱਥਰ ਲਾ ਕੇ ਕਿਨਾਰੇ ਨੂੰ ਪੱਕਾ ਕੀਤਾ ਜਾਵੇ।
25 ਫੁੱਟ ਪੱਥਰ ਲਾਉਣ ਨਾਲ ਪਾਣੀ ਦੀ ਸਿੱਧੀ ਟੱਕਰ ਰੁਕੇਗੀ: ਜੇਈ
ਡਰੇਨੇਜ਼ ਵਿਭਾਗ ਦੇ ਜੂਨੀਅਰ ਇੰਜਨੀਅਰ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਪਾਸੇ ਦੀ ਜ਼ਮੀਨ ਨਿੱਜੀ ਹੋਣ ਦੇ ਬਾਵਜੂਦ ਵਿਭਾਗ ਕਿਨਾਰੇ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 25 ਫੁੱਟ ਪੱਥਰ ਲਾਉਣ ਨਾਲ ਪਾਣੀ ਦੀ ਸਿੱਧੀ ਟੱਕਰ ਰੁਕਣ ਨਾਲ ਕਿਨਾਰਾ ਖੁਰਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਜੇ ਭਵਿੱਖ ਵਿੱਚ ਲੋੜ ਪਈ ਤਾਂ ਅੱਗੇ ਵੀ ਪੱਥਰ ਲਗਵਾਇਆ ਜਾਵੇਗਾ।
ਮੌਸਮ ਨੂੰ ਦੇਖਦਿਆਂ ਤੇਜ਼ੀ ਨਾਲ ਕੀਤਾ ਜਾ ਰਿਹੈ ਕੰਮ: ਠੇਕੇਦਾਰ
ਠੇਕੇਦਾਰ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਨੂੰ ਵੇਖਦੇ ਹੋਏ ਉਹ ਦਿਨ ਰਾਤ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਵਿਭਾਗ ਵੱਲੋਂ ਜਿੰਨਾ ਠੇਕਾ ਮਿਲਿਆ ਹੈ, ਉਨ੍ਹਾਂ ਉਸ ਮੁਤਾਬਿਕ ਕੰਮ ਚਲਾਇਆ ਹੈ, ਛੇਤੀ ਹੀ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।