ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰਾਂ ਦਾ ਘਿਰਾਓ
ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਸਤੰਬਰ
ਇੱਥੋਂ ਨੇੜਲੇ ਪਿੰਡ ਬੀਂਬੜ ਅਤੇ ਮਾਝੀ ਦੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਅੱਗੇ ਕੁਲ ਹਿੰਦ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਕਾ. ਭੂਪ ਚੰਦ ਚੰਨੋਂ ਅਤੇ ਜ਼ਿਲਾ ਸਕੱਤਰ ਚਮਕੌਰ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਮਜ਼ਦੂਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ। ਇਸੇ ਤਰ੍ਹਾਂ ਪਿੰਡ ਮਾਝੀ ਦੀ ਮਨਰੇਗਾ ਮੇਟ ਉਤੇ ਦੁਰਵਿਹਾਰ ਕਰਨ ਦੇ ਦੋਸ਼ ਵੀ ਲਗਾਏ ਗਏ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਨਰੇਗਾ ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਯੂਨੀਅਨ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਵੇਗੀ। ਧਰਨੇ ਵਿੱਚ ਬਲਵੀਰ ਸਿੰਘ ਨੂਰਪੁਰਾ, ਦਰਸ਼ਨ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਹਾਜ਼ਰ ਸਨ। ਏਪੀਓ ਬਿਕਰਮਜੀਤ ਸਿੰਘ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਮਸਲੇ ਜਲਦੀ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਪਾਤੜਾਂ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਪਿੰਡ ਸਧਾਰਨਪੁਰ ਅਤੇ ਮੋਮੀਆ ਦੇ ਖੇਤ ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਪਾਤੜਾਂ ਅੱਗੇ ਧਰਨਾ ਦਿੱਤਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਜੀਤ ਨਮੋਲ ਨੇ ਕਿਹਾ ਕਿ ਪਿੰਡ ਸਧਾਰਨਪੁਰ ਅਤੇ ਮੋਮੀਆ ਵਿੱਚ ਛੇ ਮਹੀਨਿਆਂ ਤੋਂ ਖੇਤ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ। ਬਹੁਤੇ ਖੇਤ ਮਜ਼ਦੂਰਾਂ ਦੇ ਅਜੇ ਤੱਕ ਜੋਬ ਕਾਰਡ ਨਹੀਂ ਬਣਾਏ ਗਏ। ਇਸ ਮੌਕੇ ਏਪੀਓ ਨੇ ਮੰਗ ਪੱਤਰ ਲੈਣ ਮਗਰੋਂ ਵਿਸ਼ਵਾਸ ਦਿਵਾਇਆ ਹੈ ਕਿ ਅਗਲੇ ਮਸਟਰੋਲ ’ਚ ਨਾਮ ਦਰਜ ਕਰਕੇ ਪਹਿਲ ਦੇ ਆਧਾਰ ’ਤੇ ਕੰਮ ਦਿੱਤਾ ਜਾਵੇਗਾ। ਜਿਨ੍ਹਾਂ ਖੇਤ ਮਜ਼ਦੂਰਾਂ ਦੇ ਨਵੇ ਜੌਬ ਕਾਰਡ ਬਣਾਉਣ ਵਾਲੇ ਹਨ ਉਹ ਫੌਰੀ ਬਣਾ ਦਿੱਤੇ ਜਾਣਗੇ।