ਮਨਰੇਗਾ ਕਾਮਿਆਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ
ਪੱਤਰ ਪ੍ਰੇਰਕ
ਜਲੰਧਰ, 8 ਨਵੰਬਰ
ਮਹਤਿਪੁਰ ਬਲਾਕ ਦੇ ਪਿੰਡਾਂ ਦੇ ਮਨਰੇਗਾ ਵਰਕਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਮੋਰਚਾ ਖੋਲ੍ਹਦਿਆਂ ਬੀਡੀਪੀਓ ਮਹਤਿਪੁਰ ਦਫ਼ਤਰ ਦਾ ਘਿਰਾਓ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਕਈ ਮਹੀਨਿਆਂ ਤੋਂ ਮਨਰੇਗਾ ਵਰਕਰਾਂ ਵੱਲੋਂ ਕੀਤੇ ਗਏ ਕੰਮਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਜੋ ਤਕਰੀਬਨ 33 ਲੱਖ 14 ਹਜ਼ਾਰ ਰੁਪਏ ਬਣਦਾ ਹੈ। ਯੂਨੀਅਨ ਦੇ ਆਗੂ ਨੇ ਬੀਡੀਪੀਓ ਮਹਤਿਪੁਰ ’ਤੇ ਦੋਸ਼ ਲਾਇਆ ਕਿ ਮਨਰੇਗਾ ਕਾਨੂੰਨ ਮਜ਼ਦੂਰਾਂ ਨੂੰ 100 ਦਿਨ ਰੁਜ਼ਗਾਰ ਦੀ ਗਾਰੰਟੀ ਦਿੰਦਾ ਹੈ, ਪਰ ਬਲਾਕ ਅਧੀਨ ਕੰਮ ਕਰਦੇ ਮਨਰੇਗਾ ਵਰਕਰਾਂ ਦਾ ਮਸਟਰੋਲ ਜਾਰੀ ਹੋਣ ਤੋਂ ਬਾਅਦ ਮਨਮਾਨੇ ਢੰਗ ਨਾਲ ਕੰਮ ਤੋਂ ਜਵਾਬ ਦੇ ਦਿੱਤਾ ਜਾਂਦਾ ਹੈ। ਇਸ ਕਾਰਨ ਦਿੱਤੀ ਗਈ ਸੌ ਦਿਨਾਂ ਦੀ ਗਾਰੰਟੀ ਕਦੇ ਪੂਰੀ ਨਹੀਂ ਹੋਈ। ਪਿਛਲੇ ਤਿੰਨਾਂ ਸਾਲਾਂ ਤੋਂ ਮਨਰੇਗਾ ਵਰਕਰਾਂ ਨੂੰ ਕੰਮ ਕਰਨ ਲਈ ਔਜ਼ਾਰ ਮੁਹੱਈਆ ਨਹੀਂ ਕਰਵਾਏ ਜਾ ਰਹੇ। ਉਲਟਾ ਐਵਰੇਜ ਦੇ ਨਾਂ ’ਤੇ ਮਜ਼ਦੂਰਾਂ ਦੀ ਦਿਹਾੜੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਫਰਜ਼ੀ ਹਾਜ਼ਰੀਆਂ ਲਾ ਕੇ ਮਨਰੇਗਾ ਫੰਡ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਕੰਮ ਕਰਦੇ ਮਜ਼ਦੂਰਾਂ ਦੀ ਹਾਜ਼ਰੀ ਫੋਨ ’ਤੇ ਨਹੀਂ ਲੱਗ ਰਹੀ। ਇਸ ਕਾਰਨ ਮਜ਼ਦੂਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਮੰਡਿਆਲਾ, ਵਜਿੈ ਬਾਠ ਅਤੇ ਅਨੀਤਾ ਸੰਧੂ ਦੀ ਅਗਵਾਈ ਹੇਠ ਵਰਕਰਾਂ ਨੇ ਸਵੇਰੇ ਨੌਂ ਤੋਂ ਦੋ ਵਜੇ ਤੱਕ ਬੀਡੀਪੀਓ ਦਫ਼ਤਰ ਦੇ ਮੁੱਖ ਗੇਟ ਦਾ ਘਿਰਾਓ ਜਾਰੀ ਰੱਖਿਆ। ਆਗੂਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਯੂਨੀਅਨ ਦੇ ਆਗੂ ਤਰਸੇਮ ਪੀਟਰ, ਸੁਖਦੇਵ ਸੁੱਖਾ, ਕੋਮਲ ਘਰੂ, ਜਸਵਿੰਦਰ ਕੌਰ, ਬਖਸ਼ੋ ਮੰਡਿਆਲਾ ਆਦਿ ਨੇ ਸੰਬੋਧਨ ਕੀਤਾ।