ਮਨਰੇਗਾ ਮਜ਼ਦੂਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ
ਪਰਮਜੀਤ ਸਿੰਘ
ਫਾਜ਼ਿਲਕਾ, 28 ਮਈ
ਮਨਰੇਗਾ ਕਾਨੂੰਨ ਤਹਿਤ ਜੌਬ ਕਾਰਡ ਧਾਰਕਾਂ ਨੂੰ ਕੰਮ ਮੰਗਣ ’ਤੇ ਸਹੀ ਸਮੇਂ ਤੇ ਕੰਮ ਨਾ ਮਿਲਣ ਅਤੇ ਕੰਮ ਕਰ ਚੁੱਕੇ ਮਜ਼ਦੂਰਾਂ ਨੂੰ ਸਮੇਂ ਸਿਰ ਉਜ਼ਰਤ ਨਾ ਮਿਲਣ ਦੀ ਮੰਗ ਲਈ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਦੇ ਵਾਰ-ਵਾਰ ਗੇੜੇ ਕੱਢਣ ਤੋਂ ਅੱਕੇ ਮਨਰੇਗਾ ਮਜ਼ਦੂਰਾਂ ਵੱਲੋਂ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਅੱਜ ਡੀਸੀ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ ਗਿਆ। ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਫਾਜ਼ਿਲਕਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਪ੍ਰਦਰਸ਼ਨ ਦੀ ਅਗਵਾਈ ਮਨਰੇਗਾ ਯੂਨੀਅਨ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਬਲਵਿੰਦਰ ਮਹਾਲਮ, ਜਰਨੈਲ ਢਾਬਾਂ, ਬਲਵੀਰ ਕਾਠਗੜ੍ਹ, ਬਲਾਕ ਫਾਜ਼ਿਲਕਾ ਦੇ ਪ੍ਰਧਾਨ ਰਾਜਵਿੰਦਰ ਨਿਉਲਾ, ਸ਼ੁਬੇਗ ਝੰਗੜਭੈਣੀ, ਗੁਰਦਿਆਲ ਢਾਬਾਂ ਅਤੇ ਕ੍ਰਿਸ਼ਨ ਧਰਮੂਵਾਲਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਨਰਿੰਦਰ ਢਾਬਾਂ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਅਤੇ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਚੋਣ ਜ਼ਾਬਤੇ ਦਾ ਬਹਾਨਾ ਲਾ ਕੇ ਪ੍ਰਸ਼ਾਸਨ ਸੱਤਾਧਾਰੀ ਧਿਰ ਨੂੰ ਵੋਟਾਂ ਵਿੱਚ ਫ਼ਾਇਦਾ ਪਹੁੰਚਾਉਣ ਲਈ ਯਤਨ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਰੇਗਾ ਕਾਮਿਆਂ ਦੀਆਂ ਮੰਗਾਂ ਮੰਗਣ ਸਬੰਧੀ ਕੋਈ ਭਰੋਸਾ ਨਾ ਦਿੱਤਾ ਗਿਆ ਤਾਂ ਉਹ ਲੜੀਵਾਰ ਲਗਾਤਾਰ ਭੁੱਖ ਹੜਤਾਲ ’ਤੇ ਬੈਠ ਗਏ।