ਮਨਰੇਗਾ ਕਾਮਿਆਂ ਨੇ ਦਿੱਤਾ ਬੀਡੀਪੀਓ ਦਫ਼ਤਰ ਅੱਗੇ ਧਰਨਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 20 ਨਵੰਬਰ
ਮਨਰੇਗਾ ਕਾਮਿਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਤੇ ਪੰਚਾਇਤ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਇਕੱਤਰ ਸੈਂਕੜੇ ਮਜ਼ਦੂਰ ਔਰਤਾਂ ਨੇ ਬੀਡੀਪੀਓ ਦਫ਼ਤਰ ਦੇ ਕਰਮਚਾਰੀਆਂ ਉੱਤੇ ਮਨਰੇਗਾ ਕਾਮਿਆਂ ਨੂੰ ਖੱਜਲ ਖੁਆਰ ਕਰਨ ਅਤੇ ਕੰਮ ਸਹੀ ਤਰੀਕੇ ਨਾਲ ਨਾ ਕਰਨ ਦਾ ਦੋਸ਼ ਲਾਇਆ।
ਬਲਾਕ ਪ੍ਰਧਾਨ ਕਸਮੀਰ ਕੌਰ ਜਵੰਧਾ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਡੀਐੱਮਐੱਫ ਦੀ ਜਨਰਲ ਸਕੱਤਰ ਹਰਦੀਪ ਕੌਰ ਪਾਲੀਆ, ਸੂਬਾ ਖਜ਼ਾਨਚੀ ਨਿਰਮਲਾ ਕੌਰ ਧਰਮਗੜ੍ਹ, ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਘਾਸੀਵਾਲ, ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਉਭਿਆ ਅਤੇ ਸੁਖਵਿੰਦਰ ਕੌਰ ਘਾਸੀਵਾਲ ਨੇ ਕਿਹਾ ਕਿ ਬੀਡੀਪੀਓ ਦਫਤਰ ਵੱਲੋਂ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ, ਸਗੋਂ ਅਰਜ਼ੀ ਦੇ ਕੇ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਏ ਪ੍ਰੇਸ਼ਾਨ ਕੀਤਾ ਜਾਂਦਾ ਹੈ। ਮਨਰੇਗਾ ਕਾਮੇ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜੱਦੀ ਪਿੰਡ ਸਤੌਜ ਵਿੱਚ ਵੀ ਮਨਰੇਗਾ ਕਾਮੇ ਕੰਮ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ।
ਸੂਬਾ ਆਗੂ ਬਲਜੀਤ ਕੌਰ ਸਤੌਜ, ਜ਼ਿਲ੍ਹਾ ਆਗੂ ਰਾਣੀ ਕੌਰ ਚੰਗਾਲ, ਗੁਰਧਿਆਨ ਕੌਰ ਨਮੋਲ, ਪਰਮਜੀਤ ਕੌਰ ਬੀਰਕਲਾਂ, ਰਾਜ ਸਿੰਘ ਜਵਾਹਰਕੇ, ਸੋਮਾ ਰਾਣੀ ਨਮੋਲ ਤੇ ਜਗਦੇਵ ਸਿੰਘ ਭੋੜੇ ਨੇ ਕਿਹਾ ਕਿ ਮਨਰੇਗਾ ’ਚ ਹਾਜ਼ਰੀ ਲਾਉਣ ਦਾ ਕੰਮ ਕਰਦੇ ਮੇਟਾਂ ਨੂੰ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਦੇਣਾ ਜ਼ਰੂਰੀ ਹੈ ਜੋ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਇੰਟਰਨੈਸ਼ਨਲਿਸਿਟ ਡੈਮੋਕਰੇਟਿਕ ਪਲੇਟਫਾਰਮ (ਆਈਡੀਪੀ) ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਧਰਨੇ ਚ ਪਹੁੰਚ ਕੇ ਬੀਡੀਪੀਓ ਸੁਨਾਮ ਸੰਜੀਵ ਕੁਮਾਰ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਧਰਨਾਕਾਰੀਆਂ ਨੂੰ ਜਲਦ ਉਨ੍ਹਾਂ ਦੀਆਂ ਮੰਗਾਂ ਉੱਤੇ ਗੌਰ ਕਰਕੇ ਮੰਨਣ ਦਾ ਭਰੋਸਾ ਦਿੱਤਾ।
ਨਰੇਗਾ ਕਾਮਿਆਂ ਵੱਲੋਂ ਬੀਡੀਪੀਓ ਸ਼ੇਰਪੁਰ ਦੇ ਦਫਤਰ ਅੱਗੇ ਪ੍ਰਦਰਸ਼ਨ
ਸ਼ੇਰਪੁਰ (ਬੀਰਬਲ ਰਿਸ਼ੀ): ਪਿੰਡਾਂ ਦੇ ਕਿਰਤੀਆਂ ਨੂੰ ਪਿੰਡ ਵਿੱਚ ਹੀ ਕੰਮ ਦਿਵਾਉਣਾ ਯਕੀਨੀ ਬਣਾਉਣ ਸਮੇਤ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਨੂੰ ਹੂ-ਬ-ਹੂ ਲਾਗੂ ਕਰਵਾਉਣ ਲਈ ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਵੱਲੋਂ ਬੀਡੀਪੀਓ ਸ਼ੇਰਪੁਰ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਖੁਸ਼ੀਆਂ ਸਿੰਘ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਸੰਗਰੂਰ ਦੇ ਸਲਾਹਕਾਰ ਤੇ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਸੁਖਦੇਵ ਸ਼ਰਮਾ ਨੇ ਕਿਹਾ ਕਿ ਸ਼ੇਰਪੁਰ ਦੇ ਬੀਡੀਪੀਓ ਦਫ਼ਤਰ ਦੇ ਨਰੇਗਾ ਅਧਿਕਾਰੀ ਕਾਮਿਆਂ ਵੱਲੋਂ ਕੰਮ ਲਈ ਦਿੱਤੀਆਂ ਜਾਂਦੀਆਂ ਅਰਜ਼ੀਆਂ ਦਰਜ ਨਹੀਂ ਕਰਦੇ ਜਦਕਿ ਦਰਜ ਅਰਜ਼ੀ ਤੋਂ 15 ਦਿਨਾਂ ਤੱਕ ਕੰਮ ਦੇਣਾ ਹੁੰਦਾ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕਰਦਿਆਂ 5 ਦਸੰਬਰ ਤੋਂ 10 ਦਸੰਬਰ ਤੱਕ ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਬਲਾਕ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਧਰਨੇ ਨੂੰ ਦੂਲਾ ਸਿੰਘ ਬਾਜਵਾ, ਜਾਗਰ ਸਿੰਘ ਘਨੌਰੀ ਕਲਾਂ, ਸੰਦੀਪ ਕੌਰ, ਕਮਲਜੀਤ ਕੌਰ ਤੇ ਗੌਰਾ ਦਾਸ ਨੇ ਵੀ ਸੰਬੋਧਨ ਕੀਤਾ। ਬੀਡੀਪੀਓ ਸ਼ੇਰਪੁਰ ਨੇ ਕਿਹਾ ਕਿ ਵਿਭਾਗ ਕੋਲ ਨਰੇਗਾ ਤਹਿਤ ਕੰਮ ਦੀ ਕੋਈ ਕਮੀ ਨਹੀਂ ਹੈ। ਪਿੰਡ ਈਨਾਬਾਜਵਾ ਦੇ ਮਜ਼ਦੂਰਾਂ ਦਾ ਮਸਲਾ ਪਿੰਡ ਦੇ ਸਰਪੰਚ ਨਾਲ ਹੈ।