ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਨਾਅਰੇਬਾਜ਼ੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਜੁਲਾਈ
ਨਵਾਂ ਮੇਟ ਲਗਾਉਣ ਦੇ ਵਿਰੋਧ ਵਿੱਚ ਪਿੰਡ ਖੇੜੀ ਗਿੱਲਾਂ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਇੱਥੇ ਬੀਡੀਪੀਓ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨਰੇਗਾ ਮਜ਼ਦੂਰਾਂ ਜਰਨੈਲ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਸੱਤਪਾਲ ਸਿੰਘ, ਦਾਰਾ ਸਿੰਘ, ਰਾਮਇੰਦਰ ਸਿੰਘ ਅਤੇ ਸ਼ਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਖੇੜੀ ਗਿੱਲਾਂ ਵਿੱਚ ਪਿਛਲੇ ਢਾਈ ਸਾਲਾਂ ਤੋਂ ਕੁਲਵਿੰਦਰ ਸਿੰਘ ਬਤੌਰ ਮਨਰੇਗਾ ਮੇਟ ਵਜੋਂ ਕੰਮ ਕਰਦਾ ਆ ਰਿਹਾ ਸੀ, ਜਿਸ ਤੋਂ ਸਾਰੇ ਮਜ਼ਦੂਰ ਸੰਤੁਸ਼ਟ ਸਨ। ਉਹ ਬਿਨਾਂ ਪੱਖਪਾਤ ਤੋਂ ਸਾਰੇ ਮਜ਼ਦੂਰਾਂ ਵਿਚ ਕੰਮ ਨੂੰ ਵੰਡਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਅਚਾਨਕ ਕੁਲਵਿੰਦਰ ਸਿੰਘ ਨੂੰ ਹਟਾ ਕੇ ਉਸ ਦੀ ਥਾਂ ਨਵੀਂ ਮਹਿਲਾ ਮੇਟ ਨੂੰ ਲਗਾ ਦਿੱਤਾ ਗਿਆ ਜੋ ਮਜ਼ਦੂਰਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੇਟ ਕੁਲਵਿੰਦਰ ਸਿੰਘ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ। ਦੂਜੇ ਪਾਸੇ ਨਰੇਗਾ ਬਲਾਕ ਭਵਾਨੀਗੜ੍ਹ ਦੇ ਵਧੀਕ ਪ੍ਰੋਗਰਾਮ ਅਫ਼ਸਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਮਸਲਾ ਜਲਦੀ ਹੱਲ ਕਰ ਲਿਆ ਜਾਵੇਗਾ।