ਮਨਰੇਗਾ ਵਰਕਰਾਂ ਨੇ ਡੀਸੀ ਦਫ਼ਤਰ ਅੱਗੇ ਖਾਲੀ ਭਾਂਡੇ ਖੜਕਾਏ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਜ਼ਿਲ੍ਹਾ ਸੰਗਰੂਰ ਦੇ ਬਲਾਕ ਦਿੜ੍ਹਬਾ ਅਤੇ ਸੁਨਾਮ ਦੇ ਮਨਰੇਗਾ ਵਰਕਰਾਂ ਵੱਲੋਂ ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਬਾਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀ ਮਨਰੇਗਾ ਕਾਨੂੰਨ ਦੀ ਧਾਰਾ 25 ਤਹਿਤ ਬੀਡੀਪੀਓਜ਼ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।
ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ ਖੁਰਦ , ਹਰਪਾਲ ਕੋਰ ਟਿੱਬੀ, ਖੁਸਵਿੰਦਰ ਕੋਰ ਸੁਲਰ ਅਤੇ ਨਿਰਮਲ ਸਿੰਘ ਉਭਿਆ ਨੇ ਦੋਸ਼ ਲਾਇਆ ਕਿ ਸੁਨਾਮ ਬਲਾਕ ਦੇ ਪਿੰਡ ਚੌਵਾਸ ਦੇ ਮਨਰੇਗਾ ਵਰਕਰਾਂ ਨਾਲ ਬੀਡੀਪੀਓ ਦਾ ਸਹੀ ਵਰਤਾਉ ਨਾ ਹੋਣ ਕਰਕੇ ਵਰਕਰਾਂ ਵੱਲੋਂ ਬੀਡੀਪੀਓ ਖ਼ਿਲਾਫ਼ ਮੌਕੇ ’ਤੇ ਧਰਨਾ ਦਿੱਤਾ ਗਿਆ ਪਰ ਬੀਡੀਪੀਓ ਵੱਲੋਂ ਨਹਿਰੀ ਡਿਪਾਰਟਮੈਂਟ ਦਾ ਕੰਮ ਕਹਿ ਕੇ ਪੱਲਾ ਝਾੜ ਦਿੱਤਾ। ਇਸ ਤਰ੍ਹਾਂ ਬਲਾਕ ਦਿੜ੍ਹਬਾ ਦੇ ਪਿੰਡ ਉਭਿਆ ਦੇ ਮਨਰੇਗਾ ਵਰਕਰਾਂ ਨੇ ਕੰਮ ਦੀ ਅਰਜ਼ੀ ਰਸੀਵ ਕਰਵਾਈ ਜੋ ਰਿਕਾਰਡ ਦਫਤਰੀ ਸੀ ਉਸ ਵਿੱਚ ਦੋ ਮਨਰੇਗਾ ਵਰਕਰਾਂ ਦੇ ਜੋਬ ਕਾਰਡ ਨੰਬਰ ਹੀ ਬਦਲ ਦਿੱਤੇ। ਬੀਡੀਪੀਓ ਵੱਲੋਂ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਬੇਨਿਯਮੀਆਂ ਖਿਲਾਫ਼ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਸੰਗਰੂਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਸੰਘਰਸ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਕੌਰ ਘਾਸੀਵਾਲਾ, ਬਲਾਕ ਰਿੰਪੀ ਰਾਣੀ ਖੇੜੀਨਾਗਾ, ਪਿੰਮੀ ਕੌਰ ਹਰੀਗੜ੍ਹ, ਗੁਰਜੀਤ ਕੌਰ ਲਾਡਵੰਨਜਾਰਾ, ਚਰਨਜੀਤ ਕੌਰ ਚੌਵਾਸ ਮੌਜੂਦ ਸਨ।