ਮਨਰੇਗਾ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਤਰਨ ਤਾਰਨ, 31 ਮਾਰਚ
ਦਿਹਾਤੀ ਮਜ਼ਦੂਰ ਸਭਾ ਵੱਲੋਂ ਇਲਾਕੇ ਦੇ ਪਿੰਡ ਮੱਜੂਪੁਰ ਵਿੱਚ ਮਨਰੇਗਾ ਵਰਕਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਪਿੰਡਾਂ ਅੰਦਰ ਮਨਰੇਗਾ ਤਹਿਤ ਕੰਮ ਕਰਨ ਲਈ ਰਾਸ਼ੀ ਘਟਾਉਣ ਖ਼ਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੰਮ ਤੋਂ ਵਿਹਲਿਆਂ ਕੀਤੇ ਜਾਣ ਖਿਲਾਫ਼ ਮਜ਼ਦੂਰ ਵਰਗ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਜਥੇਬੰਦੀ ਦੇ ਸੂਬਾ ਆਗੂ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਰਟੌਲ, ਵੱਸਣ ਸਿੰਘ, ਲਾਲ ਸਿੰਘ, ਕੁਲਵਿੰਦਰ ਕੌਰ, ਗੁਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਸਮੁੱਚਾ ਤਾਣਾ-ਬਾਣਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਨੂੰ ਸੌਂਪ ਰਹੀ ਹੈ, ਜਿਸ ਤਹਿਤ ਛੋਟਾ ਕਾਰੋਬਾਰੀ, ਕਿਸਾਨ-ਮਜ਼ਦੂਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਬੁਲਾਰਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਤਾਂ ਮਜ਼ਦੂਰ ਜਥੇਬੰਦੀਆ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਹੈ। ਬੁਲਾਰਿਆਂ ਨੇ ਮਨਰੇਗਾ ਦੇ ਕੰਮਾਂ ਲਈ ਦੀ ਰਾਸ਼ੀ ਵਿੱਚ ਵਾਧਾ ਕੀਤੇ ਜਾਣ ਅਤੇ ਮਜ਼ਦੂਰ ਵਰਗਾਂ ਦੀਆਂ ਮੰਗਾਂ ਮੰਨੇ ਜਾਣ ’ਤੇ ਜ਼ੋਰ ਦਿੱਤਾ। ਮਨਰੇਗਾ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।