For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਕਾਮਿਆਂ ਨੇ ਉਪ ਚੇਅਰਮੈਨ ਸਿਵੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ

09:21 AM Jun 30, 2024 IST
ਮਨਰੇਗਾ ਕਾਮਿਆਂ ਨੇ ਉਪ ਚੇਅਰਮੈਨ ਸਿਵੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਪਿੰਡ ਸਿਵੀਆਂ ਵਿੱਚ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਖ਼ਿਲਾਫ਼ ਮੋਰਚਾ ਖੋਲ੍ਹਣ ਮੌਕੇ ਹਾਜ਼ਰ ਮਜ਼ਦੂਰ।
Advertisement

ਮਨੋਜ ਸ਼ਰਮਾ
ਬਠਿੰਡਾ, 29 ਜੂਨ
ਪਿੰਡ ਸਿਵੀਆਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰ ਪੰਜਾਬ ਦੇ ਅਨੁਸੂਚਿਤ ਜਾਤੀ ਅਤੇ ਭੂਮੀ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਖਿਲਾਫ਼ ਲੋਹੇ ਲਾਖੇ ਹੋ ਗਏ। ਪਿੰਡ ਦੀ ਧਰਮਸ਼ਾਲਾ ਵਿੱਚ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਮਜ਼ਦੂਰ ਆਗੂ ਮਨਦੀਪ ਸਿੰਘ ਸਿਵੀਆਂ ਦੀ ਅਗਵਾਈ ਇਕੱਠੇ ਹੋਏ ਮਨਰੇਗਾ ਕਾਮਿਆਂ ਅਤੇ ਔਰਤਾਂ ਨੇ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਲਗਾਤਾਰ ਮਨਰੇਗਾ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਹਣ ਸਿੰਘ ਸੋਨੀ ਮਨਰੇਗਾ ਮਜ਼ਦੂਰਾਂ ਦਾ ਮੇਟ ਹੈ ਜਿਸਦੀ ਦੇਖ ਰੇਖ ਹੇਠ ਮਨਰੇਗਾ ਕਾਮੇ ਕੰਮ ਕਰ ਰਹੇ ਹਨ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਗੁਰਜੰਟ ਸਿੰਘ ਸਿਵੀਆਂ ਨਰੇਗਾ ਸੈਕਟਰੀ ਅਤੇ ਨਰੇਗਾ ਮੇਟ ਉਪਰ ਦਬਾਅ ਬਣਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਘਰ ਬੈਠਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਇੱਥੇ ਹੀ ਬਸ ਨਹੀਂ, ਮਜ਼ਦੂਰ ਆਗੂ ਨੇ ਦਾਅਵਾ ਕੀਤਾ ਕਿ ਵਾਈਸ ਚੇਅਰਮੈਨ ਵੱਲੋਂ ਇਹ ਵੀ ਕਿਹਾ ਗਿਆ ਹੈ ਉਨ੍ਹਾਂ ਦੀ ਪਤਨੀ ਮੇਟ ਦਾ ਕੰਮ ਕਰੇਗੀ ਤੇ ਉਨ੍ਹਾਂ ਦੇ ਕਹਿਣ ਅਨੁਸਾਰ ਹੀ ਕੰਮ ਦਿੱਤਾ ਜਾਵੇਗਾ, ਨਹੀਂ ਤਾਂ ਉਹ ਸਾਰਿਆਂ ਨੂੰ ਕੰਮ ਤੋਂ ਹਟਾ ਦੇਣਗੇ।
ਇਸ ਦੌਰਾਨ ਮਾਮਲੇ ਭਖਿਆ ਦੇਖ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਅਤੇ ਮਨਦੀਪ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ’ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਵਿੱਚ ਚੱਲ ਰਹੇ ਧਰਨੇ ’ਚ ਵੱਡਾ ਇਕੱਠ ਕਰਕੇ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਤੱਕ ਪਹੁੰਚਾਇਆ ਜਾਵੇਗਾ।

Advertisement

ਨਰੇਗਾ ਵਿੱਚ ਦਿਹਾੜੀ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ: ਵਾਈਸ ਚੇਅਰਮੈਨ

ਇਸ ਮਾਮਲੇ ਸਬੰਧੀ ਅਨੁਸੂਚਿਤ ਜਾਤੀ ਭੂਮੀ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਉਹ ਦਲਿਤ ਸਮਾਜ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਉਹ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦਾ ਨਰੇਗਾ ਸੈਕਟਰੀ ਅਤੇ ਨਰੇਗਾ ਮੇਟ ਮਜ਼ਦੂਰਾਂ ਨਾਲ ਪੱਖ ਪਾਤ ਕਰ ਰਹੇ ਹਨ। ਪਿੰਡ ਦਾ ਮੇਟ ਸੋਹਣ ਸਿੰਘ ਬੀਤੇ 6 ਸਾਲਾਂ ਤੋਂ ਨਰੇਗਾ ਵਿੱਚੋਂ ਤਨਖਾਹ ਲੈ ਰਿਹਾ ਹੈ, ਉੱਥੇ ਨਰੇਗਾ ਸੈਕਟਰੀ ਅਤੇ ਮੇਟ ਵੱਲੋਂ ਮਜ਼ਦੂਰਾਂ ਦੇ ਜੌਬ ਕਾਰਡ ਆਪਣੇ ਕੋਲ ਰੱਖੇ ਹੋਏ ਹਨ ਜਿਸ ਕਾਰਨ ਨਰੇਗਾ ਸੈਕਟਰੀ ਦੀ ਬਦਲੀ ਸਰਕਾਰ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਖਿਲਾਫ਼ ਪਿੰਡ ਵਿੱਚੋਂ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਵਾਈਸ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਵਰਕਰ ਹੈ ਅਤੇ ਬੱਚੇ ਪੜ੍ਹਾਈ ਕਰ ਰਹੇ ਹਨ। ਨਰੇਗਾ ਵਿੱਚ ਦਿਹਾੜੀ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ।

Advertisement
Author Image

Advertisement
Advertisement
×