ਪਿੰਡ ਚੁਹਾਣਕੇ ਖੁਰਦ ਦੇ ਮਨਰੇਗਾ ਮਜ਼ਦੂਰਾਂ ਨੇ ਰੁਜ਼ਗਾਰ ਮੰਗਿਆ
ਪੱਤਰ ਪ੍ਰੇਰਕ
ਮਹਿਲ ਕਲਾਂ, 25 ਅਕਤੂਬਰ
ਪਿੰਡ ਚੁਹਾਣਕੇ ਖੁਰਦ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਅਤੇ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਿੱਚ ਕੀਤੀ ਇਕੱਤਰਤਾ ਦੌਰਾਨ ਸਰਕਾਰ ਤੋਂ ਮਨਰੇਗਾ ਤਹਿਤ ਬਣਦਾ ਰੁਜ਼ਗਾਰ ਦੇਣ ਦੀ ਮੰਗ ਕੀਤੀ ਗਈ। ਮਜ਼ਦੂਰ ਆਗੂਆਂ ਵੱਲੋਂ ਕੰਮ ਦੀ ਡਿਮਾਂਡ ਲਿਸਟ ਤਿਆਰ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮਾਸਟਰੋਲ ਕੱਢ ਕੇ ਕੰਮ ਦੀ ਮੰਗ ਕੀਤੀ ਗਈ। ਕਾਮਰੇਡ ਖੁਸ਼ੀਆ ਸਿੰਘ ਅਤੇ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਮਜ਼ਦੂਰਾਂ ਨੂੰ ਬਣਦਾ ਰੁਜ਼ਗਾਰ ਦੇਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਦੇ ਕੱਚੇ ਰਸਤੇ, ਪਹੀਆਂ, ਸ਼ਮਸ਼ਾਨਘਾਟ ਆਦਿ ਸਾਫ ਕਰਵਾਉਣ ਲਈ ਮਜਦੂਰਾਂ ਨੂੰ ਕੰਮ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਦੇ ਹਿਸਾਬ ਨਾਲ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ, ਪੂਰਾ ਸਾਲ ਕੰਮ ਦਿੱਤਾ ਜਾਵੇ, ਕੰਮ ਕਰਦੇ ਸਮੇਂ ਹਾਦਸੇ ਵਿੱਚ ਮਜ਼ਦੂਰ ਦੀ ਮੌਤ ਹੋ ਜਾਣ ’ਤੇ ਪਰਿਵਾਰ ਨੂੰ ਪੰਜ ਲੱਖ ਬੀਮਾ ਯੋਜਨਾ ਤਹਿਤ ਵਿਸ਼ੇਸ਼ ਫੰਡ ਜਾਰੀ ਕੀਤਾ ਜਾਣਾ ਚਾਹੀਦਾ ਹੈ।