ਐੱਮਐੱਮ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਸਤੰਬਰ
ਮੁਲਾਣਾ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿਦਿਆਰਥਣ ਦੀ ਪਛਾਣ ਕਿੰਨੌਰ (ਹਿਮਾਚਲ ਪ੍ਰਦੇਸ਼) ਦੇ ਯਾਂਗਪਾ ਪਿੰਡ ਦੀ 23 ਸਾਲਾ ਆਰਜ਼ੂ ਪੁੱਤਰੀ ਧਨੀ ਰਾਮ ਵਜੋਂ ਹੋਈ ਹੈ। ਲੜਕੀ ਦੀ ਲਾਸ਼ ਦੇਖ ਕੇ ਪੀਜੀ ਦੇ ਸਟਾਫ ਨੇ ਪੁਲੀਸ ਨੂੰ ਸੂਚਿਤ ਕੀਤਾ। ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਕਿ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਐੱਮਐੱਮ ਯੂਨੀਵਰਸਿਟੀ ਵਿਚ ਬੀਐੱਸਸੀ ਐਗਰੀਕਲਚਰ ਦੇ ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਮੁਲਾਣਾ-ਸਰਕਪੁਰ ਸੜਕ ’ਤੇ ਸਥਿਤ ਇਕ ਨਿੱਜੀ ਪੀਜੀ ਵਿਚ ਰਹਿੰਦੀ ਸੀ। ਉਸ ਨੇ ਲੰਘੀ ਰਾਤ ਖ਼ੁਦਕੁਸ਼ੀ ਕਰ ਲਈ। ਲੜਕੀ ਦੇ ਕਮਰੇਂ ’ਚੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲੱਗਾ ਹੈ। ਪੁਲੀਸ ਨੇ ਵਿਦਿਆਰਥਣ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ ਜੋ ਭਲਕ ਤੱਕ ਮੁਲਾਣਾ ਪਹੁੰਚਣਗੇ। ਮੌਤ ਦੇ ਕਾਰਨਾਂ ਨੂੰ ਜਾਣਨ ਲਈ ਪੁਲੀਸ ਲੜਕੀ ਦੇ ਮੋਬਾਈਲ ਫੋਨ ਦੀ ਜਾਂਚ ਵੀ ਕਰੇਗੀ।