For the best experience, open
https://m.punjabitribuneonline.com
on your mobile browser.
Advertisement

ਮੀਂਹ ਮਗਰੋਂ ਵਿਧਾਇਕਾਂ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਦੌਰੇ

08:00 AM Jul 11, 2023 IST
ਮੀਂਹ ਮਗਰੋਂ ਵਿਧਾਇਕਾਂ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਦੌਰੇ
ਜ਼ੀਰਾ ਵਿੱਚ ਦਰਿਆ ਦੇ ਨਾਲ ਲਗਦੇ ਇਲਾਕੇ ਦਾ ਦੌਰਾ ਕਰਨ ਮੌਕੇ ਵਿਧਾਇਕ ਨਰੇਸ਼ ਕਟਾਰੀਆ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਫ਼ਾਜਿਲਕਾ, 10 ਜੁਲਾਈ
ਪੰਜਾਬ ਦੇ ਉਪਰਲੇ ਹਿੱਸਿਆਂ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸਲਤੁਜ ਦਰਿਆ ਵਿਚ ਆ ਰਿਹਾ ਪਾਣੀ ਅੰਤਿਮ ਰੂਪ ਵਿਚ ਹੁਸੈਨੀਵਾਲਾ ਹੈੱਡ ਵਰਕਸ ਰਾਹੀਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਖੇਤਰਾਂ ਵਿਚ ਪੁੱਜੇਗਾ। ਇਸ ਲਈ ਅਗੇਤੇ ਪ੍ਰਬੰਧਾਂ ਤਹਿਤ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਰੱਹਦੀ ਪਿੰਡਾਂ ਦੇ ਲੋਕਾਂ ਨਾਲ ਮਹਾਤਮ ਨਗਰ ਵਿਚ ਬੈਠਕ ਕਰਕੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਜਾਣ ਲਈ ਕਿਹਾ। ਉਨ੍ਹਾਂ ਸਤਲੁਜ ਦੇ ਬੰਨ੍ਹਾਂ ਅਤੇ ਕੌਮਾਂਤਰੀ ਸਰਹੱਦ ਦੇ ਨਾਲ ਸੰਭਾਵਿਤ ਹੜ੍ਹ ਪ੍ਰਬੰਧਾਂ ਦੀ ਸਮੀਖਿਆ ਲਈ ਵੀ ਦੌਰਾ ਕੀਤਾ। ਇਸ ਮੌਕੇ ਡੀਸੀ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡਵਰਕਸ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਇਹ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਰ ਵੱਡਾ ਖਤਰਾ ਉਹ ਪਾਣੀ ਬਣੇਗਾ ਜੋ ਰੋਪੜ ਹੈੱਡ ਵਰਕਸ ਤੋਂ ਆ ਰਿਹਾ ਹੈ ਅਤੇ ਹਰੀਕੇ ਅਤੇ ਹੁਸੈਨੀਵਾਲਾ ਹੁੰਦੇ ਹੋਏ ਮੰਗਲਵਾਰ ਤੱਕ ਫ਼ਾਜ਼ਿਲਕਾ ਵਿਚ ਪੁੱਜੇਗਾ। ਇਸ ਮੌਕੇ ਉਨ੍ਹਾਂ ਮਹਾਤਮ ਨਗਰ ਵਿੱਚ ਸਾਰੇ ਵਿਭਾਗਾਂ ਨਾਲ ਬੈਠਕ ਕੀਤੀ।
ਫਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਸਤਲੁਜ ਦਰਿਆ ਵਿੱਚ ਲੰਘੇ ਕੱਲ੍ਹ ਤੋਂ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਲਈ ਦਰਿਆ ਨਾਲ ਲੱਗਦੇ ਧਰਮਕੋਟ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ। ਅੱਜ ਸਵੇਰ ਤੋਂ ਸਤਲੁਜ ਦੇ ਘੇਰੇ ਹੇਠ ਆਉਂਦੇ ਪਿੰਡਾਂ ਦੇ ਲੋਕ ਆਪਣਾ ਲੋੜੀਂਦੀ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਤੇ ਜਾਣੇ ਸ਼ੁਰੂ ਹੋ ਗਏ ਹਨ। ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਸਬੰਧਤ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਹੜ੍ਹਾਂ ਦੀ ਸਥਿਤੀ ਅਤੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਤਲੁਜ ਕਨਿਾਰੇ ਵੱਸਦੇ ਪਿੰਡ ਸੰਘੇੜਾ ਵਿੱਚ ਪੁੱਜੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਮੁਸ਼ਕਿਲ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਜ਼ਿਲ੍ਹਾ ਬਲੱਡ ਕੰਟਰੋਲਰ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਸਥਿਤੀ ਕੰਟਰੋਲ ਹੇਠ ਹੈ ਪਰ ਚਿੰਤਾਜਨਕ ਮੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਜਿਸ ਕਿਸੇ ਥਾਂ ਤੋਂ ਕਮਜ਼ੋਰ ਦਿਖਾਈ ਦੇ ਰਿਹਾ ਹੈ ਉਸ ਦੀ ਮਜ਼ਬੂਤੀ ਕੀਤੀ ਜਾ ਰਹੀ ਹੈ।
ਜ਼ੀਰਾ (ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਜ਼ਿਆਦਾ ਆਉਣ ਨਾਲ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪਾਣੀ ਦੀ ਨਿਰਵਿਘਨ ਨਿਕਾਸੀ ਦੇ ਮੱਦੇਨਜ਼ਰ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਤੋਂ ਇਲਾਵਾ ਬੀਐੱਸਐੱਫ., ਡਰੇਨਜ਼ ਵਿਭਾਗ, ਮਾਲ ਵਿਭਾਗ, ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨੇ ਕਿਹਾ ਕਿ ਦੇਖਿਆ ਗਿਆ ਹੈ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਪੁਲੀਆਂ ਬੰਦ ਕੀਤੀਆਂ ਹਨ, ਜਿਸ ਕਰਕੇ ਪਾਣੀ ਦੀ ਮਾਰ ਜ਼ਿਆਦਾ ਹੋ ਰਹੀ ਹੈ ਉਹ ਹੁਣ ਖੁੱਲ੍ਹਵਾਈਆਂ ਗਈਆਂ ਹਨ ਅਤੇ ਪਾਣੀ ਦਾ ਲਗਾਤਾਰ ਨਿਕਾਸ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਦਰਿਆ ਦੇ ਪਾਣੀ ਦੀ ਨਿਕਾਸੀ ਬਨਿਾਂ ਰੁਕਾਵਟ ਲਗਾਤਾਰ ਹੋ ਰਹੀ ਹੈ।
ਉਨ੍ਹਾਂ ਦਰਿਆ ਸਤਲੁਜ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਂ ਤੇ ਆ ਕੇ ਰਹਿਣ। ਇਸ ਦੌਰਾਨ ਵਿਧਾਇਕ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਨੇ ਪਿੰਡ ਗੱਟਾ ਬਾਦਸ਼ਾਹ, ਰੁਕਨੇ ਵਾਲਾ ਅਤੇ ਅਰਾਜੀ ਸਭਰਾ ਪਿੰਡਾਂ ਦਾ ਵੀ ਦੌਰਾ ਕਰਕੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਘੱਗਰ ਵਿੱਚ ਪਾਣੀ ਵਧਣ ਮਗਰੋਂ, ਬੰਨ੍ਹਾਂ ਨੂੰ ਮਜ਼ਬੂਤ ਕਰਨ ਲੱਗਿਆ ਪ੍ਰਸ਼ਾਸਨ
ਸਿਰਸਾ (ਪ੍ਰਭੂ ਦਿਆਲ): ਪਿਛਲੇ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਘੱਗਰ ਨਦੀ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਮਿੱਟੀ ਪੁਆਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਘੱਗਰ ਦੇ ਨਾਲ ਲਗਦੇ ਪਿੰਡਾਂ ’ਚ ਮੁਨਿਅਦੀ ਕਰਵਾ ਕੇ ਲੋਕਾਂ ਨੂੰ ਘੱਗਰ ਨਦੀ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਡੀਸੀ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਹਾਲੇ ਘੱਗਰ ਵਿੱਚ ਸਰਦੂਲਗੜ੍ਹ ਦੇ ਨੇੜੇ 3500 ਕਿਊਸਿਕ ਪਾਣੀ ਪਹੁੰਚਿਆ ਹੈ। ਅਗਲੇ ਇਕ ਦੋ ਦਨਿਾਂ ’ਚ ਘੱਗਰ ’ਚ ਹੋਰ ਪਾਣੀ ਦੇ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਕਿਤੇ ਘੱਗਰ ਦੇ ਬੰਨ੍ਹ ਕਮਜ਼ੋਰ ਹਨ, ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਾਰੇ ਵਿਭਾਗਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਕੰਟਰੋਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ। ਖਾਲੀ ਥੈਲਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਲੋੜ ਪੈਣ ’ਤੇ ਲੋਕਾਂ ਨੂੰ ਬਦਲਵੀ ਥਾਂ ਮੁਹੱਈਆ ਕਰਵਾਏ ਜਾਣ ਦੀ ਪਛਾਣ ਕਰ ਲਈ ਗਈ ਹੈ। ਕਈ ਸਕੂਲਾਂ ਤੇ ਧਰਮਸ਼ਾਲਾਵਾਂ ’ਚ ਇਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕੀਤਾ ਗਿਆ ਹੈ।
ਮਹਾਤਮ ਨਗਰ ਵਿੱਚ 17 ਰਾਹਤ ਕੈਂਪ ਬਣਾਏ
ਫਾਜ਼ਿਲਕਾ: ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਤਮ ਨਗਰ ਵਿਚ ਇਨ੍ਹਾਂ ਸਰਹੱਦੀ ਪਿੰਡਾਂ ਲਈ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ ਸਾਰੇ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਰਹਿਣਗੇ ਅਤੇ ਪਿੰਡਾਂ ਦੇ ਲੋਕ ਕਿਸੇ ਵੀ ਮਦਦ ਲਈ ਇੱਥੇ ਸੰਪਰਕ ਕਰਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 17 ਰਾਹਤ ਕੈਂਪ ਬਣਾਏ ਗਏ ਹਨ ਅਤੇ ਲੋਕ ਇਥੇ ਕਿਸੇ ਵੀ ਸਮੇਂ ਆ ਸਕਦੇ ਹਨ।

Advertisement

Advertisement
Tags :
Author Image

Advertisement
Advertisement
×