ਮਿੱਡ-ਡੇਅ ਮੀਲ ਦੀ ਜਾਂਚ ਕਰਨ ਵਿਧਾਇਕ ਸਕੂਲ ਪੁੱਜੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਜੁਲਾਈ
ਇਥੇ ਕੱਚਾ ਮਲਕ ਰੋਡ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ‘ਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਅਚਨਚੇਤ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਕੂਲ ਦੀ ਚੈਕਿੰਗ ਲਈ ਪਹੁੰਚ ਗਏ। ਇਸ ਸਮੇਂ ਉਨ੍ਹਾਂ ਨਾਲ ਭਰਵੀਂ ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਕਾਰਕੁਨ ਅਤੇ ਮੀਡੀਆ ਕਰਮੀ ਹੋਣ ਕਰਕੇ ਸਕੂਲ ਦਾ ਸਟਾਫ਼ ਘਬਰਾ ਗਿਆ। ਵਿਧਾਇਕ ਮਾਣੂੰਕੇ ਨੇ ਖੁਦ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਮਿਡ ਡੇਅ ਮੀਲ ਲਈ ਭੇਜਿਆ ਜਾਂਦਾ ਰਾਸ਼ਨ ਸਕੂਲ ਵਲੋਂ ਬਾਹਰ ਵੇਚਣ ਦੀ ਸ਼ਿਕਾਇਤ ਮਿਲੀ ਹੈ। ਸਕੂਲ ਦਾ ਰਿਕਾਰਡ ਘੋਖਣ ਤੋਂ ਬਾਅਦ ਮਾਣੂੰਕੇ ਨੇ ਇਕ ਦੁਕਾਨ ‘ਤੇ ਪਹੁੰਚ ਕੇ ਪੜਤਾਲ ਆਰੰਭੀ ਜਿਸ ਦੌਰਾਨ ਇਕ ਰਿਕਸ਼ਾ ’ਚ ਲੱਦੀਆਂ ਤਿੰਨ ਬੋਰੀਆਂ ਬਰਾਮਦ ਹੋ ਗਈਆਂ। ਰਿਕਸ਼ਾ ਚਾਲਕ ਨੂੰ ਸਮੇਤ ਰਿਕਸ਼ਾ ਤੇ ਬੋਰੀਆਂ ਸਕੂਲ ਲਿਆਂਦਾ ਗਿਆ। ਵਿਧਾਇਕਾ ਨੇ ਦੱਸਿਆ ਕਿ ਉਹ ਅੱਜ ਜਦੋਂ ਆਪਣੇ ਦਫ਼ਤਰ ‘ਚ ਮੌਜੂਦ ਸਨ ਤਾਂ ਇਕ ਭਰੋਸੇਮੰਦ ਨੇ ਇਸ ਬਾਰੇ ਸੂਚਨਾ ਦਿੱਤੀ। ਇਹ ਵੀ ਦੱਸਿਆ ਗਿਆ ਕਿ ਹੁਣੇ ਕਣਕ ਜਾਂ ਚੌਲਾਂ ਦੀਆਂ ਤਿੰਨ ਬੋਰੀਆਂ ਲੱਦ ਕੇ ਰਿਕਸ਼ਾ ਸਕੂਲ ‘ਚੋਂ ਬਾਹਰ ਕੱਢਿਆ ਗਿਆ ਹੈ। ਇਸ ‘ਤੇ ਮਾਣੂੰਕੇ ‘ਆਪ’ ਆਗੂ ਕੁਲਵਿੰਦਰ ਸਿੰਘ ਕਾਲਾ, ਜੱਗਾ ਧਾਲੀਵਾਲ, ਕੌਂਸਲਰ ਜਗਜੀਤ ਜੱਗੀ ਆਦਿ ਸਮੇਤ ਸਕੂਲ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਸ ਬਾਬਤ ਰਿਪੋਰਟ ਬਣਾ ਕੇ ਕਾਰਵਾਈ ਲਈ ਸਬੰਧਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਭੇਜੀ ਜਾਵੇਗੀ।
ਦੂਜੇ ਪਾਸੇ ਸਕੂਲ ਦੀ ਮੁੱਖ ਅਧਿਆਪਕਾ ਸੁਖਵਿੰਦਰ ਕੌਰ ਅਤੇ ਹੋਰ ਸਟਾਫ਼ ਨੇ ਮਿਡ ਡੇਅ ਮੀਲ ਦਾ ਰਾਸ਼ਨ ਬਾਹਰ ਵੇਚਣ ਦੇ ਦੋਸ਼ ਨਕਾਰੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਰਾਸ਼ਨ ਭੇਜਣ ‘ਚ ਦੇਰੀ ਹੁੰਦੀ ਹੈ ਅਤੇ ਰਾਸ਼ਨ ਮੁੱਕਿਆ ਹੁੰਦਾ ਹੈ ਤਾਂ ਉਹ ਮਜਬੂਰੀਵੱਸ ਇਕ ਦੁਕਾਨ ਤੋਂ ਕਣਕ ਤੇ ਚੌਲ ਉਧਾਰ ਲੈਂਦੇ ਹਨ। ਪ੍ਰੀ-ਪ੍ਰਾਇਮਰੀ ਵਾਲੇ ਬੱਚਿਆਂ ਲਈ ਰਾਸ਼ਨ ਸਰਕਾਰ ਵੱਲੋਂ ਨਹੀਂ ਆਉਂਦਾ ਅਤੇ ਉਨ੍ਹਾਂ ਚਾਲੀ ਤੋਂ ਵਧੇਰੇ ਬੱਚਿਆਂ ਨੂੰ ਵੀ ਰਾਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬਾਅਦ ‘ਚ ਰਾਸ਼ਨ ਆਉਣ ‘ਤੇ ਉਧਾਰ ਲਿਆ ਰਾਸ਼ਨ ਮੋੜ ਦਿੱਤਾ ਜਾਂਦਾ ਹੈ ਅਤੇ ਅੱਜ ਵੀ ਉਸੇ ਤਰ੍ਹਾਂ ਕੀਤਾ ਜਾ ਰਿਹਾ ਸੀ।