ਡੀਸੀ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਦਫ਼ਤਰ ਪੁੱਜੇ ਵਿਧਾਇਕ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਅਕਤੂਬਰ
ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਤਿ ਰਤਨ ਕੋਟਫੱਤਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਰਮਿਆਨ ‘ਕੁੜੱਤਣ’ ਵਧਦੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਕੋਲ ਅੱਜ ਆਪਣੇ ਬਿਆਨ ਦਰਜ ਕਰਵਾਉਣ ਪੁੱਜੇ ਵਿਧਾਇਕ ਨੇ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਐੱਸਪੀ (ਸਿਟੀ) ਕੋਲ ਕਥਤਿ ਤੌਰ ’ਤੇ ਬਿਆਨ ਦਰਜ ਕਰਵਾ ਕੇ ਡੀਸੀ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦੇ ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਸਐੱਸਪੀ ਨੂੰ ਪਹਿਲਾਂ ਦਿੱਤੀ ਦਰਖ਼ਾਸਤ ਦਾ 2 ਨਵੰਬਰ ਨੂੰ ਹਫ਼ਤਾ ਪੂਰਾ ਹੋ ਜਾਵੇਗਾ। ਉਨ੍ਹਾਂ ਮੁਤਾਬਿਕ ਇਸੇ ਸਬੰਧ ’ਚ ਅੱਜ ਫਿਰ ਉਹ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਆਏ ਸਨ। ਉਨ੍ਹਾਂ ਆਪਣੇ ਪੁਰਾਣੇ ਦੋਸ਼ਾਂ ਨੂੰ ਅੱਜ ਫਿਰ ਦੁਹਰਾਉਂਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ 14 ਅਕਤੂਬਰ ਨੂੰ ਕਰਵਾਏ ਖੇਤੀ ਮੇਲੇ ਲਈ ਜੋ ਕਾਰਡ ਛਪਵਾਏ ਗਏ ਸਨ, ਉਨ੍ਹਾਂ ਵਿੱਚ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਦੇ ਨਾਮ ਛਪੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਦੇ ਕਥਤਿ ਕਹਿਣ ’ਤੇ ਉਨ੍ਹਾਂ ਦਾ ਨਾਮ ਕੱਟ ਕੇ ਦੁਬਾਰਾ ਕਾਰਡ ਛਪਵਾਏ ਗਏ। ਵਿਧਾਇਕ ਨੇ ਦੋਸ਼ ਲਾਇਆ ਕਿ ਅਨੁਸੂਚਤਿ ਜਾਤੀ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨਾਲ ਵਤਿਕਰਾ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਦੀਆਂ ਗਾਈਡ ਲਾਈਨਜ਼ ਮੁਤਾਬਿਕ ਲੋਕਾਂ ਵੱਲੋਂ ਚੁਣੇ ਗਏ ਵਿਧਾਇਕਾਂ ਨੂੰ ਅਜਿਹੇ ਸਰਕਾਰੀ ਸਮਾਗਮਾਂ ’ਚ ਉਚੇਚੇ ਤੌਰ ’ਤੇ ਬੁਲਾਉਣ ਦੀਆਂ ਹਦਾਇਤਾਂ ਹਨ।
ਅਮਤਿ ਰਤਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜਿਹੇ ਕਈ ਗਵਾਹ ਹਨ, ਜਿਨ੍ਹਾਂ ਦੇ ਸਾਹਮਣੇ ਕਾਰਡ ਤਬਦੀਲ ਕਰਕੇ ਨਾਂ ਕੱਟਣ ਦੀ ਗੱਲ ਹੋਈ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਉਨ੍ਹਾਂ ਪੱਤਰ ਭੇਜ ਕੇ ਆਪਣੇ ਹੋਏ ‘ਅਪਮਾਨ’ ਲਈ ਡੀਸੀ ਖ਼ਿਲਾਫ਼ ਕਾਰਵਾਈ ਲਈ ਲਿਖਿਆ ਹੈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਖੇਤੀ ਮੇਲੇ ਦੇ ਕਾਰਡ ਨਹੀਂ ਛਪਵਾਏ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਬਗ਼ੈਰ ਵਜ੍ਹਾ ਜਾਤੀਵਾਦ ਨੂੰ ਤੂਲ ਦਿੱਤਾ ਜਾ ਰਿਹਾ ਹੈ ਕਿਉਂ ਕਿ ਜੇ ਅਜਿਹਾ ਹੁੰਦਾ ਤਾਂ ਹਲਕਾ ਭੁੱਚੋ ਦੇ ਵਿਧਾਇਕ ਜਗਸੀਰ ਸਿੰਘ ਨੂੰ ਵੀ ਸੱਦਾ ਪੱਤਰ ’ਚ ਸ਼ਾਮਲ ਨਾ ਕੀਤਾ ਜਾਂਦਾ।