ਵਿਧਾਇਕਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਰਤੀਆ, 25 ਜੁਲਾਈ
ਹਲਕਾ ਵਿਧਾਇਕ ਲਛਮਣ ਨਾਪਾ ਅਤੇ ਫਤਿਹਾਬਾਦ ਦੇ ਵਿਧਾਇਕ ਦੂੜਾ ਰਾਮ ਨੇ ਅੱਜ ਪਿੰਡ ਖਾਨ ਮੁਹੰਮਦ ਅਤੇ ਬਾਈਪਾਸ ਸਥਿਤ ਸਵਾਮੀ ਢਾਬੇ ਨੇੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪੀੜਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਵਿਧਾਇਕ ਲਛਮਣ ਨਾਪਾ ਅਤੇ ਦੂੜਾ ਰਾਮ ਨੇ ਕਿਹਾ ਕਿ ਸਰਕਾਰ, ਪ੍ਰਸ਼ਾਸਨ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰੀਆਂ ਨੂੰ ਖਾਣ-ਪੀਣ, ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਅਤੇ ਸਿਹਤ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਹੜ੍ਹਾਂ ਕਾਰਨ ਫਸਲਾਂ ਅਤੇ ਲੋਕਾਂ ਦੇ ਜੀਵਨ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਇਕ ਈ-ਮੁਆਵਜ਼ਾ ਪੋਰਟਲ ਸ਼ੁਰੂ ਕੀਤਾ ਹੈ, ਜੋ ਇਕ ਮਹੀਨੇ ਤੱਕ ਖੁੱਲ੍ਹਾ ਰਹੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ‘ਮੇਰੀ ਫ਼ਸਲ ਮੇਰਾ ਬਿਊਰਾ’ ਪੋਰਟਲ ’ਤੇ ਆਪਣੀ ਰਜਿਸਟਰੇਸ਼ਨ ਕਰਵਾ ਕੇ ਨੁਕਸਾਨ ਦਾ ਵੇਰਵਾ ਪੋਰਟਲ ’ਤੇ ਦਰਜ ਕਰਵਾਉਣ ਤਾਂ ਜੋ ਸਮੇਂ ਸਿਰ ਆਪਣੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਨਗਰ ਕੌਂਸਲ ਦੀ ਵਾਈਸ ਚੇਅਰਮੈਨ ਸਵਿਤਾ ਟੁਟੇਜਾ, ਬਿੰਟੂ ਟੁਟੇਜਾ, ਐਕਸਨ ਲੋਕ ਨਿਰਮਾਣ ਵਿਭਾਗ ਕੇਸੀ ਕੰਬੋਜ, ਐਸਡੀਓ ਸੰਦੀਪ ਸਚਦੇਵਾ, ਸਰਪੰਚ ਪ੍ਰਤੀਨਿਧੀ ਪਿੰਡ ਖਾਨ ਮੁਹੰਮਦ ਹੇਮਰਾਜ ਸ਼ਾਕਿਆ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।