For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਇਆਲੀ ਗੁੱਸੇ ਗਿਲੇ ਛੱਡ ਕੇ ਹੋਏ ਸਰਗਰਮ

08:35 AM Apr 11, 2024 IST
ਵਿਧਾਇਕ ਇਆਲੀ ਗੁੱਸੇ ਗਿਲੇ ਛੱਡ ਕੇ ਹੋਏ ਸਰਗਰਮ
ਮੀਟਿੰਗ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਪਰੈਲ
ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਦੂਰੀ ਬਣਾ ਕੇ ਚੱਲ ਰਹੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਗੁੱਸੇ ਗਿਲੇ ਛੱਡ ਕੇ ਅਕਾਲੀ ਦਲ ਦੇ ਹੱਕ ਵਿੱਚ ਸਰਗਰਮ ਹੋ ਗਏ ਹਨ। ਇਆਲੀ ਨੇ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਕੀਤੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ ਸੀ। ਹੁਣ ਉਹ ਅਕਾਲੀ ਦਲ ਦੇ ਹੱਕ ਵਿੱਚ ਸਰਗਰਮ ਹੋ ਗਏ ਹਨ।
ਵਿਧਾਇਕ ਇਆਲੀ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਹੋਈ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦਿਹਾਤੀ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਅਤੇ ਸ਼ਹਿਰੀ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ, ਵਿਪਨ ਸੂਦ ਕਾਕਾ, ਜਗਬੀਰ ਸਿੰਘ ਸੋਖੀ, ਆਰਡੀ ਸ਼ਰਮਾ ਅਤੇ ਐੱਸਆਰ ਕਲੇਰ ਆਦਿ ਹਾਜ਼ਰ ਹੋਏ। ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਲੁਧਿਆਣਾ ਤੋਂ ਪਾਰਟੀ ਵੱਲੋਂ ਦਿੱਤੇ ਜਾਣ ਵਾਲੇ ਉਮੀਦਵਾਰ ਦੀ ਜਿੱਤ ਲਈ ਮਜ਼ਬੂਤੀ ਨਾਲ ਡਟਣ ਦਾ ਫ਼ੈਸਲਾ ਕੀਤਾ।
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਵੱਲੋਂ ਕਿਸਾਨੀ ਮੁੱਦੇ ਬੰਦੀ ਸਿੰਘਾਂ ਅਤੇ ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਤੱਕ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਤੋਂ ਕੀਤੇ ਇਨਕਾਰ ਦੀ ਸ਼ਲਾਘਾ ਕਰਦਿਆਂ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਵਰਕਰਾਂ ਨੂੰ ਕਮਰਕਸੇ ਕਰਕੇ ਮੈਦਾਨ ਵਿੱਚ ਨਿੱਤਰਣ‌ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਪੰਜਾਬ ਦੇ ਲੋਕ ਵੀ ਇਹ ਸਮਝ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਖੇਤਰੀ ਪੰਥਕ ਪਾਰਟੀ ਹੈ ਜਿਸ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕੀਤਾ ਤੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਐਲਾਨੇ ਜਾਣ ਵਾਲੇ ਅਕਾਲੀ ਉਮੀਦਵਾਰ ਦਾ ਡੱਟ ਕੇ ਸਾਥ ਦੇਣ ਅਤੇ ਆਪੋ ਆਪਣੇ ਇਲਾਕੇ ਅੰਦਰ ਅਕਾਲੀ ਉਮੀਦਵਾਰ ਦੀ ਵੋਟ ਵਧਾਉਣ ਲਈ ਦਿਨ ਰਾਤ ਇੱਕ ਕਰਨ।

Advertisement

Advertisement
Author Image

sukhwinder singh

View all posts

Advertisement
Advertisement
×