ਪੰਚਾਇਤ ਸਕੱਤਰਾਂ ਦੇ ਏਕੇ ਅੱਗੇ ਨਰਮ ਪਏ ਵਿਧਾਇਕ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 25 ਜੁਲਾਈ
ਪੰਚਾਇਤ ਸਕੱਤਰ ਯੂਨੀਅਨ ਪੰਜਾਬ, ਗ੍ਰਾਮ ਸੇਵਕ ਯੂਨੀਅਨ ਪੰਜਾਬ ਅਤੇ ਪੰਚਾਇਤ ਅਫਸਰ ਯੂਨੀਅਨ ਪੰਜਾਬ ਨੇ ਅੱਜ ਸੰਯੁਕਤ ਰੂਪ ’ਚ ਆਪਸੀ ਏਕਤਾ ਦਾ ਸਬੂਤ ਦਿੰਦਿਆਂ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਿੰਡ ਮਲਸੀਆਂ ਵਿੱਚ ਰੋਸ਼ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਲੋਕ ਸਭਾ ਜਲੰਧਰ ਤੋਂ ਚੁਣੇ ਗਏ ਕਾਂਗਰਸੀ ਮੈਂਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਲਈ ਕੀਤੇ ਸਮਾਗਮ ਵਿਚ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਨੇ ਆਪਣੇ ਭਾਸਣ ’ਚ ਪੰਚਾਇਤ ਸਕੱਤਰਾਂ ਖ਼ਿਲਾਫ਼ ਨਿੰਦਣਯੋਗ ਸ਼ਬਦਾਂਵਲੀ ਦੀ ਵਰਤੋ ਕੀਤੀ ਸੀ। ਉਸ ਦਿਨ ਤੋਂ ਹੀ ਪੰਚਾਇਤ ਸਕੱਤਰਾਂ ਸਣੇ ਸਮੁੱਚੇ ਵਿਭਾਗ ਦੇ ਮੁਲਾਜ਼ਮਾਂ ’ਚ ਵਿਧਾਇਕ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ। ਪੰਚਾਇਤੀ ਵਿਭਾਗ ਦੇ ਸਮੁੱਚੇ ਮੁਲਾਜ਼ਮਾਂ ਨੇ ਅੱਜ ਕੜਕਦੀ ਧੁੱਪ ਵਿੱਚ ਮੁਜ਼ਾਹਰਾ ਕਰਕੇ ਆਪਸੀ ਏਕਤਾ ਦਾ ਸਬੂਤ ਦਿੱਤਾ। ਮੁਜ਼ਾਹਰੇ ਤੋਂ ਪਹਿਲਾ ਮਲਸੀਆਂ ਦੇ ਰੈਸਟ ਹਾਊਸ ਵਿੱਚ ਲਗਾਏ ਧਰਨੇ ਨੂੰ ਪੰਚਾਇਤ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਭੱਟੀ, ਗ੍ਰਾਮ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਅਤੇ ਪੰਚਾਇਤ ਅਫਸਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਕਾਉਂਕੇ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਲੋਕਤੰਤਰੀ ਯੁੱਗ ਵਿਚ ਵਿਧਾਇਕ ਨੇ ਪੰਚਾਇਤ ਸਕੱਤਰਾਂ ਖ਼ਿਲਾਫ਼ ਭੱਦੀ ਸ਼ਬਦਾਂਵਲੀ ਦੀ ਵਰਤੋ ਕਰਕੇ ਜਗੀਰੂ ਸੋਚ ਦਾ ਸਬੂਤ ਪੇਸ਼ ਕੀਤਾ ਹੈ। ਚਲਦੇ ਧਰਨੇ ਵਿਚ ਵਿਧਾਇਕ ਵੱਲੋਂ ਭਰੇ ਇਕੱਠ ਵਿਚ ਆ ਕੇ ਪੰਚਾਇਤ ਸਕੱਤਰਾਂ ਖ਼ਿਲਾਫ਼ ਵਰਤੀ ਸ਼ਬਦਾਂਵਲੀ ਤੇ ਅਫ਼ਸੋਸ ਪ੍ਰਗਟ ਕਰਨ ਮਗਰੋਂ ਪੰਚਾਇਤੀ ਕਾਮਿਆਂ ਨੇ ਵਿਧਾਇਕ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਧਰਨੇ ਨੂੰ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।