ਬਠਿੰਡਾਂ ’ਚ ਵਿਧਾਇਕ ਤੇ ਚੇਅਰਮੈਨਾਂ ਨੇ ਲਾਇਆ ‘ਖੁੱਲ੍ਹਾ ਦਰਬਾਰ’
ਸ਼ਗਨ ਕਟਾਰੀਆ
ਬਠਿੰਡਾ, 10 ਮਾਰਚ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਚੇਅਰਮੈਨਾਂ ਨੇ ਅੱਜ ਸਰਕਟ ਹਾਊਸ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਕੈਬਨਿਟ ਰੈਂਕ ਪ੍ਰੋ. ਬਲਜਿੰਦਰ ਕੌਰ, ਜੰਗਲਾਤ ਵਿਭਾਗ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਰਾਕੇਸ਼ ਪੁਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਗੁਰਜੰਟ ਸਿੰਘ ਸਿਵੀਆਂ, ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਅਤੇ ਚੇਅਰਮੈਨ ਅਨਿਲ ਠਾਕੁਰ ਕੋਲ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਪੁੱਜੇ। ਵਿਧਾਇਕ ਤੇ ਚੇਅਰਮੈਨਾਂ ਨੇ ਵੱਖ-ਵੱਖ ਵਿਭਾਗਾਂ ਨਾਲ ਗੱਲ ਕਰਕੇ ਲੋਕਾਂ ਦੇ ਮਸਲੇ ਹੱਲ ਕਰਵਾਏ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ, ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੇ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ। ਉਨ੍ਹਾਂ ਆਖਿਆ ਕਿ ਲੋਕ ਅੱਜ ਤਹਿਸੀਲ, ਪੁਲੀਸ ਅਤੇ ਪਾਵਰਕਾਮ ਨਾਲ ਸਬੰਧਿਤ ਜ਼ਿਆਦਾ ਸ਼ਿਕਾਇਤਾਂ ਲੈ ਕੇ ਆਏ। ਚੇਅਰਮੈਨ ਜਤਿੰਦਰ ਭੱਲਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਫਸਰਸ਼ਾਹੀ ਨੂੰ ਹਦਾਇਤਾਂ ਕੀਤੀਆਂ ਹਨ ਕਿ ਆਪਣੇ ਕੰਮ ਧੰਦੇ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਹਰ ਸੋਮਵਾਰ ਜਾਂਚ ਕਮੇਟੀ ਇੱਕ ਵਿਧਾਇਕ, ਚੇਅਰਮੈਨ ਅਤੇ ਸੰਗਠਨ ਦੇ ਆਗੂਆਂ ਵੱਲੋਂ ‘ਖੁੱਲ੍ਹਾ ਦਰਬਾਰ’ ਲਾਇਆ ਜਾਂਦਾ ਹੈ, ਜਿਸ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ।