ਵਿਧਾਇਕ ਵਲੋਂ ਡੀਐੱਸਪੀ ਦੇ ਵਤੀਰੇ ਖ਼ਿਲਾਫ਼ ਥਾਣੇ ਦਾ ਘਿਰਾਓ
ਹਤਿੰਦਰ ਮਹਿਤਾ
ਜਲੰਧਰ, 11 ਜੂਨ
ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਮੋਹਤਬਰਾਂ ਨੇ ਲੋਕ ਮੁੱਦਿਆਂ ਅਤੇ ਸਬ ਡਿਵੀਜ਼ਨ ਆਦਮਪੁਰ ਦੇ ਡੀ.ਐਸ.ਪੀ. ਸੁਖਨਾਜ ਸਿੰਘ ਦੇ ਵਤੀਰੇ ਨੂੰ ਲੈ ਕੇ ਥਾਣਾ ਆਦਮਪੁਰ ਦਾ ਘਿਰਾਓ ਕੀਤਾ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਜਦੋਂ ਡੀ.ਐਸ.ਪੀ. ਆਦਮਪੁਰ ਕੋਲ ਕੋਈ ਵੀ ਆਮ ਵਿਅਕਤੀ ਸ਼ਿਕਾਇਤ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਘੰਟਿਆਂ ਬੱਧੀ ਦਫ਼ਤਰ ਦੇ ਬਾਹਰ ਬਿਠਾ ਕੇ ਇੰਤਜ਼ਾਰ ਕਰਵਾਇਆ ਜਾਂਦਾ ਹੈ ਅਤੇ ਪੇਸ਼ ਹੋਣ ‘ਤੇ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਹੈ ਅਤੇ ਦਫ਼ਤਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜ਼ਲੀਲ ਵੀ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਇਕ ਮਸਲੇ ਨੂੰ ਲੈ ਕੇ ਉਹ ਨਿੱਜੀ ਤੌਰ ‘ਤੇ ਮੁੱਦਈ ਨਾਲ ਗਿਆ ਤਾਂ ਉਨ੍ਹਾਂ ਨਾਲ ਵੀ ਮਾੜਾ ਵਰਤਾਓ ਕੀਤਾ ਗਿਆ। ਵਿਧਾਇਕ ਕੋਟਲੀ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਸੈਂਕੜੇ ਲੋਕਾਂ ਦੇ ਵਫਦ ਨਾਲ ਸਾਰਾ ਮਾਮਲਾ ਐਸਐਸਪੀ ਜਲੰਧਰ ਦਿਹਾਤੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਐਸਐਸਪੀ ਨੇ ਚਾਰ ਦਿਨ ਬੀਤਣ ਦੇ ਬਾਵਜੂਦ ਕੋਈ ਨੋਟਿਸ ਨਹੀਂ ਲਿਆ ਤਾਂ ਅੱਜ ਮੋਹਤਬਰਾਂ ਨਾਲ ਡੀਐਸਪੀ ਆਦਮਪੁਰ ਦੇ ਖਿਲਾਫ਼ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਗਿਆ। ਵਿਧਾਇਕ ਕੋਟਲੀ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਡੀਐਸਪੀ ਵਲੋਂ ਜਦ ਤੱਕ ਜਨਤਕ ਤੌਰ ‘ਤੇ ਮੁਆਫ਼ੀ ਨਹੀਂ ਮੰਗੀ ਜਾਂਦੀ ਤਦ ਤਕ ਧਰਨਾ ਨਹੀਂ ਉਠਾਇਆ ਜਾਵੇਗਾ। ਇਸ ਤੋਂ ਬਾਅਦ ਅਫ਼ਸਰਾਂ ਅਤੇ ਉੱਚ ਅਧਿਕਾਰੀਆਂ ਵਲੋਂ ਮਸਲਾ ਹੱਲ ਕਰਨ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਵਿਧਾਇਕ ਕੋਟਲੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡੀਐਸਪੀ ਦਾ ਆਮ ਲੋਕਾਂ ਪ੍ਰਤੀ ਰੱਵਈਆ ਨਾ ਬਦਲਿਆ ਤਾਂ ਡੀਐਸਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਅੰਮ੍ਰਿਤਪਾਲ ਭੌਂਸਲੇ, ਅਸ਼ਵਨੀ ਭੱਲਾ, ਦਰਸ਼ਨ ਸਿੰਘ ਕਰਵਲ, ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ, ਬਲਵੀਰ ਮੰਡੇਰ ਆਦਿ ਹਾਜ਼ਰ ਸਨ।
ਜਾਅਲੀ ਸਰਟੀਫਿਕੇਟਾਂ ਸਬੰਧੀ ਡੀਸੀ ਦਫਤਰ ਅੱਗੇ ਧਰਨਾ
ਇਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਅੰਬੇਡਕਰ ਸੈਨਾ ਪੰਜਾਬ ਵਲੋਂ ਜਾਅਲੀ ਸਰਟੀਫਿਕੇਟਾਂ ਨੂੰ ਲੈ ਧਰਨਾ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਬੁੱਗਾ ਜ਼ਿਲ੍ਹਾ ਪ੍ਰਧਾਨ ਅੰਬੇਡਕਰ ਸੈਨਾ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਐਸ.ਸੀ. ਪੋਸਟਾਂ ‘ਤੇ ਜਾਅਲੀ ਤੌਰ ‘ਤੇ ਜਨਰਲ ਕੈਟਾਗਰੀ ਵਿਚੋਂ ਲੋਕ ਕੰਮ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾਵੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਇਨ੍ਹਾਂ 3500 ਪੋਸਟਾਂ ‘ਤੇ ਰਿਜ਼ਰਵ ਕੈਟਾਗਰੀ ਦੇ ਯੋਗ ਉਮੀਦਵਾਰਾਂ ਨੂੰ ਬੈਕਲਾਗ ਪੂਰਾ ਕਰਨ ਲਈ ਤੁਰੰਤ ਭਰਤੀ ਕੀਤੀ ਜਾਵੇ ਤੇ ਇਸ ਭਰਤੀ ਨੂੰ ਰੋਸਟਰ ਨੁਕਤਿਆਂ ਵਿਰੁੱਧ ਨਾ ਗਿਣਿਆ ਜਾਵੇ। ਇਸ ਮੌਕੇ ਬਾਬਾ ਲਖਬੀਰ ਸਿੰਘ ਤਰਨਾ ਦਲ, ਭਜਨ ਲਾਲ ਚੋਪੜਾ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ, ਜਸਵਿੰਦਰ ਸਿੰਘ ਜੌਲੀ, ਰਾਮ ਮੂਰਤੀ, ਰਾਜ ਕੁਮਾਰ ਰਾਜੂ ਪ੍ਰਧਾਨ ਵਾਲਮੀਕ ਸੇਵਾਵਾਂ, ਰਮੇਸ਼ ਚੋਗਾ, ਪ੍ਰਭਦਿਆਲ ਰਾਮਪੁਰ, ਐਡਵੋਕੇਟ ਮਧੂ ਰਚਨਾ ਹਾਜ਼ਰ ਸਨ।