ਗੱਡੀ ’ਤੇ ਲਾਇਆ ਐੱਮਐੱਲਏ ਦਾ ਜਾਅਲੀ ਸਟਿੱਕਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੂਨ
ਪੁਲੀਸ ਨਾਕਿਆਂ ਤੋਂ ਬਚਣ ਲਈ ਇੱਕ ਵਿਅਕਤੀ ਵੱਲੋਂ ਆਪਣੀ ਇਨੋਵਾ ਗੱਡੀ ‘ਤੇ ਐੱਮਐੱਲਏ ਦਾ ਜਾਅਲੀ ਸਟਿੱਕਰ, ਗੱਡੀ ਦੇ ਬੋਨਟ ‘ਤੇ ਇੱਕ ਪਾਰਟੀ ਦੀ ਝੰਡੀ ਤੇ ਨਾਲ ਦੀ ਨਾਲ ਹੂਟਰ ਲਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਕੇ ਨੋਟਿਸ ਭੇਜ ਦਿੱਤਾ ਹੈ। ਥਾਣਾ ਸਦਰ ਦੀ ਪੁਲੀਸ ਵੱਲੋਂ ਬਾਬਾ ਦੀਪ ਸਿੰਘ ਨਗਰ ਵਾਸੀ ਹਰਪ੍ਰੀਤ ਸਿੰਘ ਦੇ ਖਿਲਾਫ਼ ਧੋਖਾਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਜਾਵੇਗਾ। ਚੌਕੀ ਮਰਾਡੋ ਦੇ ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਗੱਡੀ ‘ਤੇ ਜਾਅਲੀ ਸਟਿੱਕਰ, ਇੱਕ ਪਾਰਟੀ ਦੀ ਝੰਡੀ ਤੇ ਹੂਟਰ ਵੀ ਲਾਇਆ ਹੈ। ਪੁਲੀਸ ਨੇ ਨਾਕੇ ਦੌਰਾਨ ਜਦੋਂ ਪੁਲੀਸ ਨੇ ਗੱਡੀ ਰੋਕ ਮੁਲਜ਼ਮ ਤੋਂ ਕਾਗਜ਼ਾਂ ਦੀ ਮੰਗ ਕੀਤੀ ਤਾਂ ਮੁਲਜ਼ਮ ਕੋਲ ਕੋਈ ਵੀ ਕਾਗਜ਼ ਨਹੀਂ ਸੀ। ਪੁਲੀਸ ਅਨੁਸਾਰ ਮੁਲਜ਼ਮ ਸਕਰੈਪ ਦਾ ਕੰਮ ਕਰਦਾ ਹੈ। ਲੋਕਾਂ ‘ਤੇ ਰੋਹਬ ਪਾਉਣ ਤੇ ਪੁਲੀਸ ਨਾਕਿਆਂ ਤੋਂ ਬਚਣ ਲਈ ਉਸ ਨੇ ਅਜਿਹਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸ ਨੂੰ ਤਿੰਨ ਨੋਟਿਸ ਭੇਜਣ ਮਗਰੋਂ ਗ੍ਰਿਫ਼ਤਾਰ ਕੀਤਾ ਜਾਵੇਗਾ।