ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਫੋਨ ਕਰ ਰਹੇ ਨੇ ਵਿਧਾਇਕ: ਸੁਰਜੀਤ ਗੜ੍ਹੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਟਿਆਲਾ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਪੱਖੀ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੂੰ ਕੁਝ ‘ਆਪ’ ਵਿਧਾਇਕਾਂ ਵੱਲੋਂ ਫੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸੁਰਜੀਤ ਗੜ੍ਹੀ ਨੇ ਇੱਕ ਵਿਧਾਇਕ ਵੱਲੋਂ ਫੋਨ ਕਰਨ ਸਬੰਧੀ ਉਨ੍ਹਾਂ ਕੋਲ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦਾ ਇੱਕ ਅਹਿਮ ਆਗੂ ਵੀ ਕੁਝ ਦਿਨ ਪਹਿਲਾਂ ਸ੍ਰੀ ਗੜ੍ਹੀ ਦੇ ਘਰ ਆਇਆ ਸੀ ਅਤੇ ਕਰੀਬ ਤਿੰਨ ਘੰਟੇ ਤੱਕ ਉਨ੍ਹਾਂ ਨੂੰ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਦੇ ਹੱਕ ’ਚ ਵੋਟ ਪਾਉਣ ਲਈ ਮਨਾਉਂਦਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਵੱਡੇ ਨੇਤਾ ਨੇ ਅੱਜ ਸ਼ਾਮ ਉਨ੍ਹਾਂ ਦੇ ਘਰ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਬਾਅਦ ’ਚ ਘਰ ਆਉਣ ਦਾ ਪ੍ਰੋਗਰਾਮ ਰੱਦ ਕਰ ਕੇ ਵਟਸਐਪ ਕਾਲ ਰਾਹੀਂ ਹੀ ਵਾਰਤਾਲਾਪ ਕੀਤੀ। ਗੜ੍ਹੀ ਮੁਤਾਬਕ ਬਾਕੀਆਂ ਨੇ ਤਾਂ ਭਾਵੇਂ ਪਿਆਰ ਨਾਲ ਗੱਲਬਾਤ ਕੀਤੀ ਪਰ ‘ਆਪ’ ਵਿਧਾਇਕ ਲਹਿਜ਼ਾ ਹੋਰ ਸੀ। ਜ਼ਿਕਰਯੋਗ ਹੈ ਕਿ ਜੋੜ-ਤੋੜ ਦੇ ਮਾਮਲੇ ’ਚ ਗੜ੍ਹੀ ਕਾਫ਼ੀ ਸਰਗਰਮ ਹਨ।
ਦੂਜੇ ਪਾਸੇ ਇਸ ਚੋਣ ਲਈ ਵਿਦੇਸ਼ ਗਏ ਮੈਂਬਰਾਂ ਨੂੰ ਵੀ ਸੱਦਿਆ ਜਾ ਰਿਹਾ ਹੈ। ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਭਾਵੇਂ ਕਈ ਮਹੀਨਿਆਂ ਤੋਂ ਵਿਦੇਸ਼ ’ਚ ਸਨ ਪਰ ਦੋ ਦਿਨ ਪਹਿਲਾਂ ਉਹ ਪਟਿਆਲਾ ਆ ਗਏ ਹਨ।