ਵਿਧਾਇਕ ਨੇ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 19 ਜਨਵਰੀ
ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਵਾਰਡ ਨੰਬਰ 56 ਦੇ ਜੱਟਾਂ ਵਾਲੀ ਗਲੀ ਖੇਤਰ ਅਤੇ ਵਾਰਡ ਨੰਬਰ 55 ਦੀ ਗਲੀ ਗੰਡਾਂਵਾਲੀ ਨਮਕ ਮੰਡੀ ਖੇਤਰ ਵਿੱਚ ਨਵਾਂਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਜੱਟਾਂ ਵਾਲੀ ਗਲੀ ਵਿੱਚ ਪੁਰਾਣਾ ਟਿਊਬਵੈੱਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਇਸ ਦੀ ਮੁਰੰਮਤ ਪਹਿਲਾਂ ਵੀ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ, ਟਿਊਬਵੈਲ ਬੋਰ ਖਰਾਬ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ ਨਮਕ ਮੰਡੀ ਗਲੀ ਗੰਡਾਵਾਲੀ ਇਲਾਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਇੱਥੇ ਵੀ ਨਵਾਂ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੁਢਾਪਾ, ਵਿਧਵਾ ਤੇ ਦਿਵਿਆਂਗ ਪੈਨਸ਼ਨ ਪ੍ਰਦਾਨ ਕਰਨ ਲਈ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਲੋਕਾਂ ਲਈ ਪੋਰਟਲ ਵੀ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਰਾਸ਼ਨ ਕਾਰਡ ਬਣਾਏ ਜਾਣੇ ਹਨ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਪੀ.ਐੱਮ.ਏ.ਯੂ. ਅਧੀਨ, ਪੁਰਾਣੀਆਂ ਅਤੇ ਟੁੱਟੀਆਂ ਛੱਤਾਂ ਨੂੰ ਬਦਲਣ ਲਈ ਹਾਲ ਹੀ ਵਿੱਚ ਕੈਂਪ ਲਗਾ ਕੇ ਫਾਰਮ ਭਰੇ ਗਏ ਸਨ।