ਵਿਧਾਇਕ ਰੰਧਾਵਾ ਵੱਲੋਂ ਲਾਲੜੂ ਦੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੁਲਾਈ
ਸੂਬੇ ’ਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੇ ਚੰਡੀਗੜ੍ਹ ਸੁਖਨਾ ਚੋਅ ਸਮੇਤ ਪਹਾੜੀ ਖੇਤਰਾਂ ਤੋਂ ਆ ਰਹੇ ਵਾਧੂ ਪਾਣੀ ਕਾਰਨ ਹਲਕੇ ’ਚ ਵਗਦੇ ਘੱਗਰ, ਟਾਂਗਰੀ ਦਰਿਆ ਤੇ ਨਦੀਆਂ ਨਾਲੇ, ਬਰਸਾਤੀ ਚੋਅ ਉਫਾਨ ’ਤੇ ਹਨ। ਇਸ ਕਰਕੇ ਕੰਢੀ ਖੇਤਰਾਂ ਤੇ ਨੀਵੇਂ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਹਨ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ, ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਹੋਰ ਲੋੜੀਂਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲਾਲੜੂ ਨੇੜਲੇ ਪਿੰਡ ਟਿਵਾਣਾ ਵਿੱਚ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਤੋਂ ਘੱਗਰ ਦਰਿਆ ’ਚ ਪਾਣੀ ਦੇ ਵਧ ਰਹੇ ਪੱਧਰ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਲਾਲੜੂ, ਹੰਡੇਸਰਾ, ਰਾਣੀ ਮਾਜਰਾ, ਮਲਕਪੁਰ, ਸਮਗੌਲੀ, ਲਹਿਲੀ ਸਮੇਤ ਖੇਤਰ ਵੱਖ-ਵੱਖ ਪਿੰਡਾਂ ਦਾ ਨਿਰੀਖਣ ਕੀਤਾ। ਨੀਵੇਂ ਇਲਾਕਿਆਂ ਵਿੱਚ ਨਿਕਾਸੀ ਦੇ ਪ੍ਰਬੰਧ ਬਹਾਲ ਕਰਨ ਲਈ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਸਰਗਰਮ ਹਨ। ਉਨ੍ਹਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੇ ਰਹਿਣ ਅਤੇ ਖਾਣ ਲਈ ਲਾਲੜੂ ਦੇ ਜਸ਼ਨ ਪੈਲਸ ਅਤੇ ਮੁਬਾਰਕਪੁਰ ਰੈਸਟ ਹਾਊਸ ਵਿੱਚ ਪ੍ਰਬੰਧ ਕੀਤੇ ਗਏ ਹਨ।