ਵਿਧਾਇਕ ਰਾਜਾ ਨੇ ਮਿਸ਼ਨ ਗਰੀਨ ਮੁਹਿੰਮ ਤਹਿਤ ਪੌਦੇ ਲਗਾਏ
ਪੱਤਰ ਪ੍ਰੇਰਕ
ਟਾਂਡਾ, 28 ਜੁਲਾਈ
ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ ਵੱਲੋਂ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਮਿਸ਼ਨ ਗਰੀਨ ਮੁਹਿੰਮ ਦਾ ਹਿੱਸਾ ਬਣਦਿਆਂ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਤਹਿਸੀਲ ਨੇੜੇ ਸੜਕ ਕਿਨਾਰੇ ਪੌਦੇ ਲਗਾਏ। ਇਸ ਮੌਕੇ ਵਿਧਾਇਕ ਰਾਜਾ ਨੇ ਇਸ ਮਿਸ਼ਨ ਲਈ ਅਖਾੜਾ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਸੰਭਾਲ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਖਾਲਸਾ ਨੇ ਵਿਧਾਇਕ ਰਾਜਾ ਨੂੰ ਅਖਾੜੇ ਵੱਲੋਂ ਸ਼ੁਰੂ ਮਿਸ਼ਨ ਗਰੀਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ਅਤੇ ਕ੍ਰਿਸ਼ਨ ਸੈਣੀ ਵੀ ਮੌਜੂਦ ਸਨ।
ਬਟਾਲਾ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਏ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸੰਸਥਾ ਵਾਈਸ ਆਫ ਬਟਾਲਾ ਵੱਲੋਂ ਇਤਿਹਾਸਕ ਨਗਰੀ ਬਟਾਲਾ ਨੂੰ ਹਰਿਆ ਭਰਿਆ ਰੱਖਣ ਦੇ ਮਨੋਰਥ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਪੌਦੇ ਲਗਾਏ। ਸੰਸਥਾ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਘੇ 20 ਦਿਨਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਲੀਨ ਗ੍ਰੀਨ ਅਤੇ ਸੁੰਦਰ ਬਟਾਲਾ ਪ੍ਰਾਜੈਕਟ ਤਹਿਤ ਵੱਖ-ਵੱਖ ਪਿੰਡਾਂ ਅਤੇ ਬਟਾਲਾ ਸ਼ਹਿਰ ਛਾਂਦਾਰ ਬੂਟੇ ਲਗਾਏ ਗਏ। ਉਨਾਂ ਦੱਸਿਆ ਕਿ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਾਕਟਰ ਭਾਗੋਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਖ-ਵੱਖ ਸਮਾਜ ਸੇਵੀ ਜੱਥੇਬੰਦੀਆਂ, ਸਮਾਜ ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪਹਿਲੂਆਂ ਉੱਪਰ ਗ਼ੌਰ ਕਰ ਰਹੀ ਹੀ ਤਾਂ ਜੋ ਬਟਾਲਾ ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਅਤੇ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੌਦੇ ਲਗਾਉਣਾ ਵੀ ਭਾਵੇਂ ਚੁਣੌਤੀ ਭਰਪੂਰ ਹੈ ਪਰ ਪਾਲਣ ਪੋਸ਼ਣ ਹੋਰ ਵੀ ਔਖਾ ਹੈ।