ਵਿਧਾਇਕ ਨਾਪਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪੱਤਰ ਪ੍ਰੇਰਕ
ਰਤੀਆ, 18 ਜੁਲਾਈ
ਵਿਧਾਇਕ ਲਛਮਣ ਨਾਪਾ ਨੇ ਅੱਜ ਰਤੀਆ ਵਿਧਾਨ ਸਭਾ ਹਲਕੇ ਦੇ ਪ੍ਰਸ਼ਾਸਨਿਕ ਅਮਲੇ ਸਣੇ ਪਿੰਡ ਅਲੀਕਾ, ਅਲਾਲਵਾਸ, ਲਾਲੀ, ਕਲੋਠਾ, ਖੈਰਪੁਰ, ਮੜ੍ਹ ਅਤੇ ਬੀਰਾਬੰਦੀ, ਅਜੀਤ ਨਗਰ ਆਦਿ ਪਿੰਡਾਂ ਵਿੱਚ ਹੜ੍ਹ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਵਿਧਾਇਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਕਿਹਾ ਕਿ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਲੋਕਾਂ ਨੂੰ ਭਰੋਸ ਦਿੱਤਾ ਕਿ ਸਾਰੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਨਾਲ ਹੀ ਕੁਦਰਤੀ ਆਫ਼ਤ ਨਾਲ ਨਜਿੱਠਿਆ ਜਾਵੇਗਾ। ਪ੍ਰਸ਼ਾਸਨ ਵੱਲੋਂ ਟੀਮਾਂ ਬਣਾ ਕੇ ਰਾਹਤ ਕਾਰਜ ਜਾਰੀ ਹਨ। ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਦੀ ਤਰਜੀਹ ਹੈ ਅਤੇ ਲੋਕਾਂ ਨੂੰ ਖਾਣ-ਪੀਣ, ਬਿਜਲੀ ਅਤੇ ਸਿਹਤ ਸੇਵਾਵਾਂ ਅਤੇ ਪਸ਼ੂਆਂ ਲਈ ਚਾਰੇ ਦੀ ਘਾਟ ਨਹੀਂ ਆਵੇਗੀ। ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਕੇ ਪਿੰਡ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਲਈ ਬਣਾਏ ਜਾ ਰਹੇ ਰਿੰਗ ਡੈਮ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ ਵਾਸੀਆਂ ਨੂੰ ਹੜ੍ਹ ਰਾਹਤ ਕਾਰਜਾਂ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇ। ਵਿਧਾਇਕ ਨੇ ਰਤੀਆ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਅਰੋੜਵੰਸ਼ ਸਭਾ ਵੱਲੋਂ ਕੀਤੇ ਜਾ ਰਹੇ ਭੋਜਨ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਐੱਸਡੀਓ ਮਾਨ ਸਿੰਘ, ਮਹਿੰਦਰ ਸਿੰਘ, ਏਬੀਪੀਓ ਰਣਧੀਰ ਸਿੰਘ, ਸਰਪੰਚ ਸੁਰੇਸ਼ ਕੁਮਾਰ, ਮੁਰਾਰੀ ਲਾਲ ਆਦਿ ਹਾਜ਼ਰ ਸਨ।
ਵਿਧਾਇਕ ਮੇਵਾ ਸਿੰਘ ਨੇ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਪਿੰਡ ਕਸੀਥਲ, ਮਰਚੇਹੜੀ, ਭਗਵਾਨਪੁਰ, ਰਾਮਪੁਰ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ੍ਹ ਪੀੜਤ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਮੇਵਾ ਸਿੰਘ ਨੇ ਦੌਰੇ ਦੌਰਾਨ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਲੋਕਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਦੀ ਕਿੱਲਤ ਦੇ ਨਾਲ ਪਸ਼ੂਆਂ ਦੇ ਚਾਰੇ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਨਾਲ ਨਾਲ ਕਿਸਾਨਾਂ ਨੂੰ ਬੋਰਵੈੱਲ ਖਰਾਬ ਹੋਣ ਦਾ ਨੁਕਸਾਨ ਵੀ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਖਰਾਬ ਹੋਈਆਂ ਫਸਲਾਂ ਤੋਂ ਇਲਾਵਾ ਖਰਾਬ ਹੋਏ ਬੋਰਵੈੱਲ ਤੇ ਬਿਜਲੀ ਦੀਆਂ ਮੋਟਰਾਂ ਦਾ ਉਚਿੱਤ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੜ੍ਹ ਨਾਲ ਖੇਤਾਂ ਵਿਚ ਤਿੰਨ-ਤਿੰਨ ਫੁੱਟ ਮਿੱਟੀ ਜੰਮ ਗਈ ਹੈ, ਜਿਸ ਕਰ ਕੇ ਉਹ ਪੂਰਾ ਸਾਲ ਖੇਤਾਂ ਵਿਚ ਫਸਲ ਨਹੀਂ ਬੀਜ ਸਕਣਗੇ।