ਵਿਧਾਇਕ ਨਾਪਾ ਨੇ ਪਿੰਡਾਂ ’ਚ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਪੱਤਰ ਪ੍ਰੇਰਕ
ਰਤੀਆ, 11 ਜੂਨ
ਵਿਧਾਇਕ ਲਛਮਣ ਨਾਪਾ ਨੇ ਅਲਾਲਵਾਸ, ਅਲੀਕਾ, ਨਾਗਪੁਰ, ਹਾਂਸਪੁਰ ਅਤੇ ਤਾਮਸਪੁਰਾ ਆਦਿ ਵਿੱਚ 1 ਕਰੋੜ 84 ਲੱਖ 54 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਵਿਧਾਇਕ ਨੇ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਵਿਧਾਇਕ ਨੇ 34.57 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅਲਾਲਵਾਸ ਵਿੱਚ ਪੀਡਬਲਿਊਡੀ ਰੋਡ ਤੋਂ ਨਰੋਤਮ ਅਤੇ ਪੁਰਸ਼ੋਤਮ ਦੇ ਖੇਤਾਂ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ, ਪਿੰਡ ਅਲੀਕਾ ਵਿੱਚ ਫਿਰਨੀ ਤੋਂ ਗੁਰੂਘਰ ਤੱਕ ਇੰਟਰਲੋਕ ਗਲੀ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਪਿੰਡ ਨਾਗਪੁਰ ਵਿੱਚ ਰਾਜਾ ਘਰ ਤੋਂ ਲੈ ਕੇ 10.68 ਲੱਖ ਰੁਪਏ ਦੀ ਇੰਟਰਲੌਕ ਗਲੀ ਦੇ ਨਿਰਮਾਣ ਦਾ ਨੀਂਹ ਪੱਥਰ ਅਤੇ ਗਊਸ਼ਾਲਾ ਰੋਡ ਤੋਂ ਰਤੀਆ ਰੋਡ ‘ਤੇ 20.55 ਲੱਖ ਰੁਪਏ ਦੀ ਲਾਗਤ ਨਾਲ ਦੋ ਜੌੜੀਆਂ ਦੀ ਮੁਰੰਮਤ ਤੇ ਇੱਟਾਂ ਵਾਲੀ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਲਛਮਣ ਨਾਪਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਸਰਕਾਰ ਜਨਤਕ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਹੈ। ਸੂਬਾ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਵਿਕਾਸ ਪ੍ਰਾਜੈਕਟਾਂ ਅਤੇ ਜਨਤਕ ਕੰਮਾਂ ਲਈ ਲਗਾਤਾਰ ਠੋਸ ਅਤੇ ਸਾਰਥਕ ਫੈਸਲੇ ਲਏ ਜਾ ਰਹੇ ਹਨ ਅਤੇ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ।
ਵਿਧਾਇਕ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ
ਵਿਧਾਇਕ ਲਛਮਣ ਨਾਪਾ ਨੇ ਪਿੰਡ ਸ਼ੇਖੂਪੁਰ ਸੌਤਰ ਵਿੱਚ ਚਾਰ ਰੋਜ਼ਾ ਓਪਨ ਕੋਸਕੋ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਧਾਇਕ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੀ ਜ਼ਰੂਰੀ ਹਨ। ਖੇਡਾਂ ਰਾਹੀਂ ਆਪਸੀ ਭਾਈਚਾਰਾ ਵਧਦਾ ਹੈ। ਇਸ ਮੌਕੇ ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਸਬੰਧਤ ਵਿਭਾਗ ਵੱਲੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਗਗਨਦੀਪ ਸਿੰਘ ਸੰਧਾ, ਪ੍ਰਿੰਸੀਪਲ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਬ ਸਿੰਘ, ਪ੍ਰਦੀਪ ਸਿੰਘ, ਜਸਪਾਲ ਸਿੰਘ, ਸੰਦੀਪ ਸਿੰਘ, ਬਲਬੀਰ ਸਿੰਘ ਅਤੇ ਸਮੂਹ ਪਿੰਡ ਵਾਸੀ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਹਾਜ਼ਰ ਸਨ।