For the best experience, open
https://m.punjabitribuneonline.com
on your mobile browser.
Advertisement

ਵਿਧਾਇਕਾ ਮਾਣੂੰਕੇ ਨੇ ਡੱਲਾ ਅਤੇ ਬਾਰਦੇਕੇ ਨਹਿਰ ’ਤੇ ਪੈਂਦੇ ਪੁਲਾਂ ਦਾ ਮੁੱਦਾ ਚੁੱਕਿਆ

08:29 AM Sep 05, 2024 IST
ਵਿਧਾਇਕਾ ਮਾਣੂੰਕੇ ਨੇ ਡੱਲਾ ਅਤੇ ਬਾਰਦੇਕੇ ਨਹਿਰ ’ਤੇ ਪੈਂਦੇ ਪੁਲਾਂ ਦਾ ਮੁੱਦਾ ਚੁੱਕਿਆ
ਵਿਧਾਨ ਸਭਾ ’ਚ ਪੁਰਾਣੇ ਪੁਲਾਂ ਦਾ ਮੁੱਦਾ ਚੁੱਕਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਸਤੰਬਰ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਗਰਾਉਂ ਤੋਂ ਹਾਕਮ ਧਿਰ ਨਾਲ ਸਬੰਧਤ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅਬੋਹਰ ਬਰਾਂਚ ਦੀ ਨਹਿਰ ਉੱਪਰ ਪੈਂਦੇ ਪਿੰਡ ਡੱਲਾ ਅਤੇ ਪਿੰਡ ਬਾਰਦੇਕੇ ਵਿੱਚ ਮਿਆਦ ਪੁਗਾ ਚੁੱਕੇ ਪੁਰਾਣੇ ਪੁਲਾਂ ਦੀ ਥਾਂ ਨਵੇਂ ਪੁਲ ਬਣਾਉਣ ਦਾ ਮੁੱਦਾ ਚੁੱਕਿਆ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਅਧੀਨ ਪੈਂਦੇ ਪਿੰਡ ਡੱਲਾ ਅਤੇ ਬਾਰਦੇਕੇ ਨਹਿਰ ਉੱਪਰ ਬਣੇ ਪੁਲ ਤੰਗ ਹਨ ਅਤੇ ਅਬਾਦੀ ਦੇ ਹਿਸਾਬ ਨਾਲ ਇਨ੍ਹਾਂ ਪੁਲਾਂ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਤ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਬਾਰਦੇਕੇ ਨਹਿਰ ਉੱਪਰ ਬਣਿਆ ਪੁਲ ਬਹੁਤ ਹੀ ਮਾੜੀ ਹਾਲਤ ’ਚ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪਹਿਲ ਦੇ ਆਧਾਰ ’ਤੇ ਇਸ ਦਾ ਨਿਰਮਾਣ ਕਰਵਾਇਆ ਜਾਵੇ। ਬੀਬੀ ਮਾਣੂੰਕੇ ਦੇ ਸੁਆਲਾਂ ਦੇ ਜਵਾਬ ’ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪਿੰਡ ਗਗੜਾ ਤੋਂ ਬਾਰਦੇਕੇ ਸੜਕ ਵਿਚਕਾਰ ਅਬੋਹਰ ਬਰਾਂਚ ਉੱਪਰ ਬਣੇ ਪੁਲ ਦੀ ਚੌੜਾਈ ਘੱਟ ਹੈ ਅਤੇ ਇਸ ਦੀ ਹਾਲਤ ਖ਼ਰਾਬ ਹੈ। ਇਸ ਪੁਲ ਨੂੰ 58 ਮੀਟਰ ਲੰਬਾ ਨਵਾਂ ਬਣਾਉਣ ਲਈ ਲਗਭਗ 6.50 ਕਰੋੜ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰੂਰਲ ਡਿਵੈਲਪਮੈਂਟ ਫੰਡ (ਆਰਡੀਐਫ) ਦਾ ਪੈਸਾ ਨਾ ਦਿੱਤੇ ਜਾਣ ਕਾਰਨ ਫੰਡਾਂ ਦੀ ਘਾਟ ਕਾਰਨ ਸੜਕਾਂ ’ਤੇ ਪੁਲਾਂ ਦੀ ਮੁਰੰਮਤ ਦੇ ਕੰਮ ਨਹੀਂ ਕਰਵਾਏ ਜਾ ਸਕੇ। ਜਦੋਂ ਫੰਡਾਂ ਦਾ ਪ੍ਰਬੰਧ ਹੋ ਜਾਵੇਗਾ ਤਾਂ ਗਗੜਾ ਤੋਂ ਬਾਰਦੇਕੇ ਵਿਚਕਾਰ ਪੈਂਦੇ ਨਹਿਰ ਦੇ ਪੁਲ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ। ਵਿਧਾਇਕਾ ਮਾਣੂੰਕੇ ਨੇ ਮੋੜਵਾਂ ਸੁਆਲ ਕੀਤਾ ਕਿ ਬਾਰਦੇਕੇ ਛੋਟਾ ਜਿਹਾ ਪਿੰਡ ਹੈ ਤੇ ਬਰਸਾਤਾਂ ਦੇ ਦਿਨਾਂ ’ਚ ਦੋ-ਤਿੰਨ ਫੁੱਟ ਪਾਣੀ ਪੁਲ ਦੇ ਉਪਰ ਦੀ ਜਾਂਦਾ ਹੈ। ਕਿਸੇ ਹੋਰ ਪਾਸਿਓਂ ਫੰਡਾਂ ਦਾ ਇੰਤਜ਼ਾਮ ਕਰ ਕੇ ਪੁਲ ਜ਼ਰੂਰ ਬਣਾਇਆ ਜਾਵੇ। ਇਸ ’ਤੇ ਖੇਤੀ ਮੰਤਰੀ ਸ੍ਰੀ ਖੁੱਡੀਆਂ ਨੇ ਪਿੰਡ ਡੱਲਾ ਨਹਿਰ ਉੱਪਰ ਨਵਾਂ ਪੁਲ ਬਣਾਉਣ ਦੇ ਸਬੰਧ ’ਚ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਤੋਂ ਪਿੰਡ ਡੱਲਾ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 21 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 90 ਮੀਟਰ ਲੰਬਾਈ ਦੇ ਪੁਲ ਦੀ ਲਗਭਗ 10 ਕਰੋੜ ਰੁਪਏ ਦੀ ਲਾਗਤ ਦਾ ਤਖਮੀਨਾ ਭਾਰਤ ਸਰਕਾਰ ਨੂੰ ਪ੍ਰਵਾਨਗੀ ਹਿੱਤ ਭੇਜਿਆ ਜਾ ਰਿਹਾ ਹੈ। ਪ੍ਰਵਾਨਗੀ ਮਿਲਣ ਉਪਰੰਤ ਡੱਲਾ ਨਹਿਰ ਉੱਪਰ ਨਵੇਂ ਪੁਲ ਦੀ ਉਸਾਰੀ ਕਰਵਾ ਦਿੱਤੀ ਜਾਵੇਗੀ।

Advertisement
Advertisement
Author Image

Advertisement