ਵਿਧਾਇਕਾ ਵੱਲੋਂ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦਾ ਨੀਂਹ ਪੱਥਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਫਰਵਰੀ
ਕਈ ਸ਼ਹਿਰਾਂ ਦੇ ਪਾਣੀ ਵਿੱਚ ਭਾਰੀ ਧਾਤਾਂ ਮਿਲਣ ਤੋਂ ਬਾਅਦ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾ ਕੇ ਬਿਮਾਰੀਆਂ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਗਈ 33 ਕਰੋੜ ਰੁਪਏ ਦੀ ਰਕਮ ਨਾਲ ਸ਼ੁਰੂ ਹੋਏ ਪ੍ਰਾਜੈਕਟ ਦਾ ਨੀਂਹ ਪੱਥਰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਰੱਖਿਆ। ਅਬੋਹਰ ਬਰਾਂਚ ਦੀ ਅਖਾੜਾ ਨਹਿਰ ਤੋਂ ਇਸ ਪ੍ਰਾਜੈਕਟ ਤਹਿਤ ਪਾਈਪਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਇਸ ਸਬੰਧੀ ਨੀਂਹ ਪੱਥਰ ਇੱਥੇ ਸ਼ਹਿਰ ਦੇ ਮੁੱਖ ਝਾਂਸੀ ਰਾਣੀ ਚੌਕ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪਾਰਟੀ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਰੱਖਿਆ। ਵਿਧਾਇਕਾ ਮਾਣੂੰਕੇ ਨੇ ਇਸ ਮਮੌਕੇ ਕਿਹਾ ਕਿ ਇਹ ਪ੍ਰਾਜੈਕਟ ਜਲਦ ਸ਼ੁਰੂ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੀਣਯੋਗ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਰਕਮ ‘ਅਮਰੁੱਤ 2.0’ ਯੋਜਨਾ ਤਹਿਤ ਭੇਜੀ ਗਈ ਹੈ। ਇਸ ਪ੍ਰਾਜੈਕਟ ਲਈ ਅਬੋਹਰ ਬਰਾਂਚ ਦੀ ਅਖਾੜਾ ਨਹਿਰ ਤੋਂ ਜਗਰਾਉਂ ਸ਼ਹਿਰ ਵਿੱਚ ਲਗਭਗ 13 ਕਿਲੋਮੀਟਰ ਲੰਮੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ।
ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਲਗਭਗ 33 ਕਰੋੜ ਰੁਪਏ ਦਾ ਖਰਚਾ ਆਵੇਗਾ। ਅਖਾੜਾ ਨਹਿਰ ਉੱਪਰ 21 ਟਿਊਬਵੈੱਲ ਲਾਏ ਜਾਣਗੇ ਅਤੇ 13 ਕਿਲੋਮੀਟਰ ਲੰਮੀ ਪਾਈਪ ਲਾਈਨ ਰਾਹੀਂ ਜਗਰਾਉਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਸ਼ਹਿਰ ਵਿੱਚ ਪਹਿਲਾਂ ਲੱਗੇ ਟਿਊਬਵੈਲਾਂ ਦੀਆਂ ਪਾਈਪਾਂ ਨਾਲ ਇਨ੍ਹਾਂ ਨੂੰ ਜੋੜਿਆ ਜਾਵੇਗਾ। ਪ੍ਰਾਜੈਕਟ ਮੁਕੰਮਲ ਹੋਣ ਨੂੰ ਲਗਭਗ ਛੇ ਮਹੀਨੇ ਦਾ ਸਮਾਂ ਲੱਗ ਜਾਵੇਗਾ। ਇਸ ਮੌਕੇ ਛਿੰਦਰਪਾਲ ਸਿੰਘ ਮੀਨੀਆ, ਗੁਰਪ੍ਰੀਤ ਸਿੰਘ ਨੋਨੀ ਸੈਂਬੀ, ਕਮਲਜੀਤ ਸਿੰਘ ਕਮਾਲਪੁਰਾ, ਅਮਰਦੀਪ ਸਿੰਘ ਟੂਰੇ, ਦਵਿੰਦਰ ਸਿੰਘ, ਗੁਰਪ੍ਰੀਤ ਭੰਮੀਪੁਰਾ, ਸੋਹਣ ਸਿੰਘ ਚਕਰ ਸਰਪੰਚ, ਰਵਿੰਦਰ ਗਾਲਿਬ ਤੇ ਕੈਪਟਨ ਸੁਖਚੈਨ ਸਿੰਘ ਆਦਿ ਹਾਜ਼ਰ ਸਨ।