ਵਿਧਾਇਕ ਕੋਹਲੀ ਨੇ ਧਰਮ ਅਰਥ ਬੋਰਡ ਦੀਆਂ ਜ਼ਮੀਨਾਂ ’ਤੇ ਕਬਜ਼ੇ ਦਾ ਮਾਮਲਾ ਚੁੱਕਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਮਾਰਚ
ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਟਿਆਲਾ ’ਚ ਧਰਮ ਅਰਥ ਬੋਰਡ ਦੀਆਂ ਥਾਵਾਂ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਕਈ ਥਾਵਾਂ ਅਜਿਹੀਆਂ ਹਨ, ਜੋ ਧਰਮ ਅਰਥ ਬੋਰਡ ਅਧੀਨ ਆਉਂਦੀਆਂ ਹਨ। ਇਹ ਥਾਵਾਂ ਪੁਰਾਣੀਆਂ ਹਨ, ਜੋ ਕਿਸੇ ਮੰਦਰ, ਗੁਰਦੁਆਰਾ ਜਾਂ ਕਿਸੇ ਡੇਰੇ ਦੀਆਂ ਹਨ। ਹੁਣ ਇਨ੍ਹਾਂ ਥਾਵਾਂ ਨੂੰ ਭੂ ਮਾਫੀਆ ਵੱਲੋਂ ਘੱਟ ਕੀਮਤ ’ਤੇ ਕਬਜ਼ਾਕਾਰੀ ਤੋਂ ਖਰੀਦ ਕੇ ਸ਼ੋਅ ਰੂਮ ਬਣਾਏ ਜਾ ਰਹੇ ਹਨ। ਵਿਧਾਇਕ ਨੇ ਸ਼ੁਰੂ ’ਚ ਅਜਿਹੀਆਂ 6 ਥਾਵਾਂ ਦੀ ਸ਼ਨਾਖਤ ਕਰਕੇ ਵਿਧਾਨ ਸਭਾ ਨੂੰ ਸੂਚੀ ਸੌਂਪਦੇ ਹੋਏ ਸਬੰਧਤ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਇਸ ਸਬੰਧੀ ਫੌਰੀ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਉਂਜ ਤਾਂ ਪੰਜਾਬ ਵਿਚ ਇਹ ਥਾਵਾਂ ਪਹਿਲਾਂ ਹੀ ਸਬੰਧਤ ਵਿਭਾਗ ਕੋਲ ਹਨ, ਪਰ ਫਿਰ ਵੀ ਜੇਕਰ ਕਿਸੇ ਥਾਂ ’ਤੇ ਕਬਜ਼ਾ ਕਰਨ ਦੀ ਜਾਣਕਾਰੀ ਆਵੇਗੀ ਤਾਂ ਉਸ ਨੂੰ ਤੁਰੰਤ ਛੁਡਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ 6 ਥਾਵਾਂ ਦੀ ਸੂਚੀ ਸੌਂਪੀ ਹੈ, ਉਹ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਕੇ ਨਿਰਧਾਰਤ ਸਮੇਂ ’ਚ ਕਾਰਵਾਈ ਕਰਵਾਈ ਜਾਵੇਗੀ ਤਾਂ ਜੋ ਇਨ੍ਹਾਂ ਥਾਵਾਂ ਦੀ ਚਾਰ ਦੀਵਾਰੀ ਕਰਕੇ ਆਪਣੇ ਅਧੀਨ ਲਿਆ ਜਾਵੇ। ਇਸ ਜਵਾਬ ’ਤੇ ਤਸਲੀ ਪ੍ਰਗਟਾਉਂਦਿਆਂ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਦੀਆਂ ਇਹ ਥਾਵਾਂ ਮਾਫੀਆ ਤੋਂ ਛੁਡਵਾ ਲਈਆਂ ਗਈਆਂ ਸਨ, ਪਰ ਫਿਰ ਵੀ ਮਿਲੀਭੁਗਤ ਨਾਲ ਸਬੰਧਤ ਵਿਭਾਗ ਨੇ ਚਾਰ ਦੀਵਾਰੀ ਨਹੀਂ ਕੀਤੀ ਅਤੇ ਲੋਕਾਂ ਦਾ ਕਬਜਾ ਜਿਉਂ ਦੀ ਤਿਉਂ ਖੜ੍ਹਾ ਹੈ।