ਵਿਧਾਇਕ ਕੰਬੋਜ ਨੇ ਤਿੰਨ ਪਾਰਕਾਂ ਦਾ ਨੀਂਹ ਪੱਥਰ ਰੱਖਿਆ
ਪੱਤਰ ਪ੍ਰੇਰਕ
ਰਾਜਪੁਰਾ , 19 ਅਗਸਤ
ਇੱਥੋਂ ਦੇ ਫੋਕਲ ਪੁਆਇੰਟ ’ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਜ਼ਿਲ੍ਹਾ ਕਾਂਗਰਸੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਸਮਾਂ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਫੋਕਲ ਪੁਆਇੰਟ ਖੇਤਰ ਵਿੱਚ ਗਮਾਡਾ ਵੱਲੋਂ 73 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਤਿੰਨ ਪਾਰਕਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਾਂ ਦੀ ਉਸਾਰੀ ਚਾਰ ਮਹੀਨੇ ਵਿੱਚ ਮੁਕੰਮਲ ਹੋ ਜਾਵੇਗੀ। ਇਸੇ ਦੌਰਾਨ ਕੰਬੋਜ ਵੱਲੋਂ ਗਮਾਡਾ ਦੁਆਰਾ ਦੋ ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ 39 ਸ਼ੋਅਰੂਮ ਅਤੇ 72 ਬੂਥਾਂ ਵਾਲੇ ਥਾਂ ਦਾ ਨਿਰੀਖਣ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਆਖਿਆ ਕਿ ਰਾਜਪੁਰਾ ਸ਼ਹਿਰ ਦੀ ਵਪਾਰਕ ਅਤੇ ਉਦਯੋਗਿਕ ਪੱਖੋਂ ਬੜੀ ਮਹੱਤਤਾ ਹੈ ਕਿਉਂਕਿ ਇਸ ਸ਼ਹਿਰ ਵਿੱਚੋਂ ਅੰਮ੍ਰਿਤਸਰ-ਦਿੱਲੀ ਜੀਟੀ ਰੋਡ ਲੰਘਦਾ ਹੈ। ਕੰਬੋਜ ਨੇ ਕਿਹਾ ਕਿ ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਰਾਜਪੁਰਾ ਸ਼ਹਿਰ ਨੂੰ ਇੰਡਸਟਰੀਅਜ਼ ਹੱਬ ਵਜੋਂ ਉਭਾਰਿਆ ਜਾ ਰਿਹਾ ਹੈ।